ਸ਼ੰਭੂ ਬਾਰਡਰ ਬਲਾਸਟ ਮਾਮਲੇ 'ਚ ਪਿੰਡ ਪੰਜਵੜ 'ਚ ਸੁਰੱਖਿਆ ਏਜੰਸੀਆਂ ਨੇ ਲਾਇਆ ਡੇਰਾ, ਪੁਲਿਸ ਨੇ ਹਿਰਾਸਤ 'ਚ ਲਿਆ ਜਗਰੂਪ ਪੰਜਵੜ ਦਾ ਭਰਾ
ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅੱਤਵਾਦੀ ਸਮੂਹ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਜੂਪਾ ਨੂੰ ਦੋ ਦਿਨ ਪਹਿਲਾਂ ਹੀ ਪਿੰਡ ਵਿੱਚ ਘੁੰਮਦੇ ਦੇਖਿਆ ਗਿਆ ਸੀ। ਸਬ ਡਿਵੀਜ਼ਨ ਤਰਨ ਤਾਰਨ ਦੇ ਡੀਐਸਪੀ ਸੁਖਬੀਰ ਸਿੰਘ ਦੀ ਅਗਵਾਈ ਹੇਠ ਉਕਤ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Publish Date: Tue, 28 Apr 2026 12:16 PM (IST)
Updated Date: Tue, 28 Apr 2026 01:08 PM (IST)
ਤੇਜਿੰਦਰ ਸਿੰਘ ਬੱਬੂ, ਝਬਾਲ : ਰਾਜਪੁਰਾ ਰੇਲਵੇ ਟਰੈਕ ਉੱਤੇ ਹੋਏ ਬੰਬ ਧਮਾਕੇ ਵਿੱਚ ਜਗਰੂਪ ਸਿੰਘ ਜੂਪਾ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਜਵੜ ਦਾ ਨਾਂ ਆਉਣ ਦੇ ਨਾਲ ਪੰਜਵਾੜ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਜਗਰੂਪ ਸਿੰਘ ਦੇ ਘਰ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਜਿੱਥੇ ਡੇਰਾ ਪਾ ਲਿਆ ਉੱਥੇ ਹੀ ਜੂਪਾ ਦੇ ਭਰਾ ਸਤਨਾਮ ਸਿੰਘ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪੁਲਿਸ ਜਗਰੂਪ ਸਿੰਘ ਜੂਪਾ ਦੇ ਪਰਿਵਾਰਕ ਰਿਕਾਰਡ ਦੀ ਜਾਂਚ ਕਰ ਰਹੀ ਹੈ। ਤਰਨ ਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜੂਪਾ ਦੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੂਰੀ ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੀ ਕੋਈ ਵੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਹੋਏ ਧਮਾਕਾ ਹੋਇਆ। ਧਮਾਕੇ ਦੌਰਾਨ ਇੱਕ ਅੱਤਵਾਦੀ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ। ਉਸਦੀ ਪਛਾਣ ਜਗਰੂਪ ਸਿੰਘ ਪੰਜਵੜ ਉਰਫ ਜੂਪਾ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਉਸਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਹੈ। ਦੋ ਧੀਆਂ ਦਾ ਪਿਤਾ ਜੂਪਾ, ਅਕਸਰ ਨਿਹੰਗ ਵਾਲਾ ਪਹਿਰਾਵਾ ਪਾਉਂਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਗਰੂਪ ਸਿੰਘ ਕਿਸੇ ਅਜਿਹੀ ਗਤੀਵਿਧੀ ਨਾਲ ਜੁੜਿਆ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ ਪੰਜਵੜ ਅੱਤਵਾਦ ਦਾ ਗੜ ਮੰਨਿਆ ਜਾਂਦਾ ਸੀ। ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ, ਜਿਸ ਦੀ ਪਿਛਲੇ ਸਾਲ ਪਾਕਿਸਤਾਨ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਵੀ ਇਸੇ ਪਿੰਡ ਦੇ ਰਹਿਣ ਵਾਲੇ ਸਨ। ਇਸ ਦੇ ਨਾਲ ਹੀ ਸਾਬਕਾ ਮਹਰੂਮ ਲੋਕ ਸਭਾ ਸਪੀਕਰ ਗੁਰਦਿਆਲ ਸਿੰਘ ਢਿਲੋਂ ਵੀ ਇਸੇ ਪਿੰਡ ਦੇ ਸਨ।