ਮੋਬਾਈਲ ਰਿਪੇਅਰ ਕਰਨ ਵਾਲੇ ਦਾ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ
ਸੀਸੀਟੀਵੀ ਕੈਮਰਿਆਂ ਵਿਚਲੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਲੋਕਾਂ ਕੋਲੋਂ ਚੋਰ ਫੜ੍ਹਨ ਦੀ ਮੰਗ ਵੀ ਕੀਤੀ
Publish Date: Sat, 17 Jan 2026 09:32 PM (IST)
Updated Date: Sun, 18 Jan 2026 04:19 AM (IST)

ਮੋਬਾਈਲ ਰਿਪੇਅਰ ਕਰਨ ਵਾਲੇ ਦਾ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਮੋਟਰਸਾਈਕਲ ਚੋਰੀ ਕਰਨ ਵਾਲਾ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਜੰਡਿਆਲਾ ਰੋਡ ਰੇਲਵੇ ਫਾਟਕ ਕੋਲ ਮੋਬਾਈਲ ਰਿਪੇਅਰ ਦੀ ਦੁਕਾਨ ਕਰਨ ਵਾਲੇ ਇਕ ਨੌਜਵਾਨ ਦਾ ਮੋਟਰਸਾਈਕਲ ਉਸ ਦੀ ਦੁਕਾਨ ਦੇ ਬਾਹਰੋਂ ਦੇਰ ਸ਼ਾਮ ਕਰੀਬ ਪੌਣੇ 7 ਵਜੇ ਇਕ ਵਿਅਕਤੀ ਨੇ ਚੋਰੀ ਕਰ ਲਿਆ। ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਤਸਵੀਰ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ। ਜਦੋਂਕਿ ਦੁਕਾਨਦਾਰ ਨੇ ਥਾਣਾ ਸਿਟੀ ਤਰਨਤਾਰਨ ਵਿਚ ਸ਼ਿਕਾਇਤ ਦੇ ਕੇ ਚੋਰ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਸਾਹਿਲ ਅਰੋੜਾ ਪੁੱਤਰ ਅਸ਼ੋਕ ਕੁਮਾਰ ਵਾਸੀ ਨੂਰਦੀ ਅੱਡਾ ਤਰਨਤਾਰਨ ਨੇ ਦੱਸਿਆ ਕਿ ਉਹ ਸਥਾਨਕ ਜੰਡਿਆਲਾ ਰੋਡ ’ਤੇ ਸਥਿਤ ਰੇਲਵੇ ਫਾਟਕ ਦੇ ਕੋਲ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ। ਉਹ ਰੋਜ਼ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਨੰਬਰ ਪੀਬੀ46 ਏਜੀ 0785 ’ਤੇ ਸਵਾਰ ਹੋ ਕੇ ਦੁਕਾਨ ’ਤੇ ਆਇਆ ਅਤੇ ਦੁਕਾਨ ਦੇ ਅੱਗੇ ਮੋਟਰਸਾਈਕਲ ਖੜ੍ਹਾ ਕਰਕੇ ਅੰਦਰ ਆਪਣਾ ਕੰਮ ਕਾਜ ਕਰਨ ਲੱਗਾ। ਸ਼ਾਮ ਕਰੀਬ ਪੌਣੇ 7 ਵਜੇ ਇਕ ਵਿਅਕਤੀ ਉਸ ਦੀ ਦੁਕਾਨ ਦੇ ਅੱਗੇ ਆਇਆ ਤੇ ਕੁਝ ਦੇਰ ਇੱਧਰ-ਉੱਧਰ ਝਾਕ ਕੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ। ਸਾਹਿਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਸਿਟੀ ਤਰਨਤਾਰਨ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸਦੀ ਜਾਂਚ ਏਐੱਸਆਈ ਗੁਰਭੇਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸਾਹਿਲ ਨੇ ਦੱਸਿਆ ਕਿ ਉਨ੍ਹਾਂ ਸੀਸੀਟੀਵੀ ਕੈਮਰਿਆਂ ਵਿਚਲੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਲੋਕਾਂ ਕੋਲੋਂ ਚੋਰ ਫੜ੍ਹਨ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਤਰਨਤਾਰਨ ’ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਦੀਪ ਐਵੀਨਿਊ ਦੇ ਇਕ ਘਰ ਦੇ ਬਾਹਰੋਂ ਕਰਮਜੀਤ ਸਿੰਘ ਰਿੰਕੂ ਨਾਮਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਦੋਂਕਿ ਇਕ ਪੱਤਰਕਾਰ ਨਵਦੀਪ ਸਿੰਘ ਦੇ ਘਰ ਦੇ ਬਾਹਰੋਂ ਜੈੱਨ ਕਾਰ ਵੀ ਚੋਰੀ ਹੋ ਚੁੱਕੀ ਹੈ।