ਘਟਨਾ ਤੋਂ ਬਾਅਦ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਸਾਬਕਾ ਮੈਂਬਰ ਰਾਜ ਸਭਾ, ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਵੀ ਪਹੁੰਚ ਗਏ। ਜਿਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਸੀਨੀਅਰ ਆਗੂਆਂ ਨਾਲ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਕੀਤੀ ਜਾਵੇ ਕਿ ਹਮਲਾ ਕਰਨ ਵਾਲੇ ਕਿਸ ਦੇ ਕਹਿਣ ’ਤੇ ਆਏ ਅਤੇ ਇਨ੍ਹਾਂ ਦਾ ਕੀ ਇਰਾਦਾ ਸੀ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ ਤਰਨਤਾਰਨ : ਸੋਮਵਾਰ ਨੂੰ ਤਰਨਤਾਰਨ, ਬਟਾਲਾ ਅਤੇ ਜੀਰਕਪੁਰ ਵਿੱਚ ਭਾਜਪਾ ਦੇ ਜ਼ਿਲ੍ਹਾ ਦਫ਼ਤਰਾਂ ’ਤੇ ਹਮਲੇ ਕੀਤੇ ਗਏ। ਤਰਨਤਾਰਨ ਵਿੱਚ ਹਮਲਾਵਰਾਂ ਨੇ ਦਫ਼ਤਰ ਵਿੱਚ ਮੌਜੂਦ ਭਾਜਪਾ ਆਗੂਆਂ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਭੰਨਤੋੜ ਵੀ ਕੀਤੀ।
ਤਰਨਤਾਰਨ ਵਿੱਚ ਸ਼ਾਮ ਕਰੀਬ 3:58 ਵਜੇ ਕਰੀਬ 14 ਹਮਲਾਵਰ ਭਾਜਪਾ ਦਫ਼ਤਰ ਵਿੱਚ ਦਾਖ਼ਲ ਹੋਏ। ਇਨ੍ਹਾਂ ਵਿੱਚੋਂ ਤਿੰਨ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਹਮਲਾਵਰਾਂ ਕੋਲ ਇੱਟਾਂ, ਡੰਡੇ, ਸਰੀਏ ਅਤੇ ਪਿਸਤੌਲ ਸਨ। ਜ਼ਿਲ੍ਹਾ ਮਹਾਸਚਿਵ ਸ਼ਿਵ ਸੋਨੀ ਅਤੇ ਸੁਰਜੀਤ ਸਿੰਘ ਸਾਗਰ ’ਤੇ ਪਹਿਲਾਂ ਸਿਆਹੀ ਸੁੱਟੀ ਗਈ ਅਤੇ ਫਿਰ ‘ਭਾਜਪਾ ਮੁਰਦਾਬਾਦ’ ਦੇ ਨਾਅਰੇ ਲਗਾਉਂਦੇ ਹੋਏ ਦਫ਼ਤਰ ਵਿੱਚ ਭੰਨਤੋੜ ਕੀਤੀ ਗਈ।
ਭਾਜਪਾ ਆਗੂਆਂ ਨੇ ਇੱਕ ਹਮਲਾਵਰ ਨੂੰ ਕਾਬੂ ਕਰਕੇ ਕਮਰੇ ਵਿੱਚ ਬੰਦ ਕਰ ਦਿੱਤਾ, ਪਰ ਹੋਰ ਹਮਲਾਵਰ ਉਸ ਨੂੰ ਛੁਡਾ ਕੇ ਲੈ ਗਏ। ਸ਼ਿਵ ਸੋਨੀ ਨੇ ਦਾਅਵਾ ਕੀਤਾ ਕਿ ਭੱਜਦੇ ਸਮੇਂ ਹਮਲਾਵਰਾਂ ਨੇ ਕਰੀਬ ਚਾਰ ਰਾਊਂਡ ਫਾਇਰਿੰਗ ਵੀ ਕੀਤੀ।
ਮੌਕੇ ’ਤੇ ਪਹੁੰਚੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਮਾਮਲਾ ਕਿਸੇ ਅਤਿਵਾਦੀ ਗਰੁੱਪ ਨਾਲ ਸੰਬੰਧਿਤ ਨਹੀਂ ਲੱਗਦਾ ਅਤੇ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉੱਧਰ, ਬਟਾਲਾ ਵਿੱਚ ਵੀ ਦੋ ਗੱਡੀਆਂ ਵਿੱਚ ਆਏ ਕਰੀਬ 20 ਅਣਪਛਾਤੇ ਹਮਲਾਵਰਾਂ ਨੇ ਭਾਜਪਾ ਦਫ਼ਤਰ ਵਿੱਚ ਭੰਨਤੋੜ ਕੀਤੀ। ਭਾਜਪਾ ਵਰਕਰ ਸੰਦੀਪ ਗੁਪਤਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ’ਤੇ ਸਿਆਹੀ ਵੀ ਸੁੱਟੀ। ਜੀਰਕਪੁਰ ਵਿੱਚ ਵੀ ਪੰਜ ਨਕਾਬਪੋਸ਼ ਨੌਜਵਾਨ ਭਾਜਪਾ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉੱਥੇ ਲੱਗੇ ਪੋਸਟਰਾਂ, ਬੈਨਰਾਂ ਅਤੇ ਆਗੂਆਂ ਦੀਆਂ ਤਸਵੀਰਾਂ ’ਤੇ ਸਿਆਹੀ ਅਤੇ ਪੇਂਟ ਸੁੱਟ ਕੇ ਹੰਗਾਮਾ ਕੀਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਭਾਜਪਾ ਦਾ ਪ੍ਰਦਰਸ਼ਨ
ਦੂਜੇ ਪਾਸੇ, ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਐਤਵਾਰ ਨੂੰ ਭਾਜਪਾ ਦਫ਼ਤਰ ਅੱਗੇ ਧਰਨਾ ਦੇਣ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਇਆ। ਇਸ ਦੌਰਾਨ ਭਾਜਪਾ ਵਰਕਰ ਪ੍ਰਤੀਕਾਤਮਕ ਤੌਰ ’ਤੇ ਦਫ਼ਤਰ ਨੂੰ ਤਾਲਾ ਲਗਾਉਣ ਲਈ ਅੱਗੇ ਵਧੇ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਕਾਰ ਧੱਕਾਮੁੱਕੀ ਵੀ ਹੋਈ। ਧਰਨੇ ਦੌਰਾਨ ਭਾਜਪਾ ਦੇ ਪ੍ਰਦੇਸ਼ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਸਾਬਕਾ ਪਾਰਸ਼ਦ ਗੁਰਦੀਪ ਸਿੰਘ ਨੀਟੂ ’ਤੇ ਇੱਕ ਨੌਜਵਾਨ ਨੇ ਸਿਆਹੀ ਸੁੱਟ ਦਿੱਤੀ। ਭਾਜਪਾ ਆਗੂਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਭਾਜਪਾ ਨੇ ਦੋਸ਼ ਲਗਾਇਆ ਕਿ ਨੌਜਵਾਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ।