ਕਾਂਗਰਸੀ ਆਗੂ ਨੂੰ ਕਤਲ ਕਰਨ ਦੀ ਸਾਜਿਸ਼ ’ਤੇ ਮੰਤਰੀ ਨੇ ਖੋਲਿਆ ਸਾਬਕਾ ਵਿਧਾਇਕ ਵਿਰੁੱਧ ਮੋਰਚਾ
ਪੱਟੀ ਹਲਕੇ ਵਿਚ ਯੂਥ ਕਾਂਗਰਸ ਦੇ ਆਗੂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੀਆਂ ਵੋਟਾਂ ਵਾਲੇ ਦਿਨ ਕਤਲ ਕਰਨ ਦੀ ਯੋਜਨਾ ਦੇ ਕੀਤੇ ਖੁਲਾਸੇ ਨੇ ਪੱਟੀ ਹਲਕੇ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ
Publish Date: Wed, 07 Jan 2026 07:06 PM (IST)
Updated Date: Thu, 08 Jan 2026 04:09 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਪੁਲਿਸ ਅਤੇ ਏਜੀਟੀਐੱਫ ਵੱਲੋਂ ਕੁਝ ਦਿਨ ਪਹਿਲਾਂ ਪ੍ਰਭ ਦਾਸੂਵਾਲ ਅਤੇ ਡੋਨੀ ਬੱਲ ਗਿਰੋਹ ਨਾਲ ਸਬੰਧਤ ਫੜੇ ਗਏ ਚਾਰ ਸੂਟਰਾਂ ਦੇ ਪੱਟੀ ਹਲਕੇ ਵਿਚ ਯੂਥ ਕਾਂਗਰਸ ਦੇ ਆਗੂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੀਆਂ ਵੋਟਾਂ ਵਾਲੇ ਦਿਨ ਕਤਲ ਕਰਨ ਦੀ ਯੋਜਨਾ ਦੇ ਕੀਤੇ ਖੁਲਾਸੇ ਨੇ ਪੱਟੀ ਹਲਕੇ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਹੈ। ਜਿਸਦੇ ਚੱਲਦਿਆਂ ਸੱਤਾਧਾਰੀ ਪਾਰਟੀ ਤੇ ਕਾਂਗਰਸ ਵਿਚ ਇਕ ਉੱਪਰ ਜਿਥੇ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਉਥੇ ਹੀ ਪੱਟੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਾਂ ਸਾਬਕਾ ਵਿਧਾਇਕ ਦੀ ਇਸ ਯੋਜਨਾ ਪਿੱਛੇ ਭੂਮਿਕਾ ਹੋਣ ਦਾ ਸਵਾਲ ਖੜ੍ਹਾ ਕਰਦਿਆਂ ਡੀਜੀਪੀ ਕੋਲੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਨਾਲ ਨਾਲ ਆਪਣੇ ਨਿੱਜੀ ਫੋਨਾਂ ਦੀ ਜਾਂਚ ਕਰਨ ਦੀ ਪੇਸ਼ਕਸ਼ ਤਕ ਕਰ ਦਿੱਤੀ ਹੈ। ਹਾਲਾਂਕਿ ਗਿੱਲ ਨੇ ਵੀ ਪਲਟਵਾਰ ਕਰਦਿਆਂ ਦੋਸ਼ ਲਗਾਇਆ ਕਿ ਆਪ ਦੀ ਸਰਕਾਰ ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲ ਚੁੱਕਾ ਹੈ ਅਤੇ ਕਿਸੇ ਸਿਰ ਦੋਸ਼ ਲਗਾ ਕੇ ਇਸ ਕਲੰਕ ਤੋਂ ਆਪ ਬਚ ਨਹੀਂ ਸਕਦੀ। ਕੈਬਨਿਟ ਮੰਤਰੀ ਭੁੱਲਰ ਨੇ ਪੰਜਾਬ ਦੇ ਡੀਜੀਪੀ ਨੂੰ ਪੇਸ਼ਕਸ਼ ਕਰਦਿਆਂ ਕਿਹਾ ਕਿ ਸੂਬੇ ਦੀ ਪੁਲਿਸ ਵੱਲੋਂ ਉਨ੍ਹਾਂ ਸਮੇਤ ਪੱਟੀ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਨਿੱਜੀ ਮੋਬਾਇਲ ਫੋਨਾਂ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇ ਕਿ ਕਿਹੜੇ ਸਿਆਸੀ ਆਗੂ ਦੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨਾਲ ਸਬੰਧ ਹਨ। ਪੱਟੀ ਸਥਿਤ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਖਤਰਨਾਕ ਗੈਂਗਸਟਰ ਗ੍ਰਿਫਤਾਰ ਕੀਤੇ ਸਨ। ਜਿਨ੍ਹਾਂ ਵੱਲੋਂ ਪੱਟੀ ਹਲਕੇ ਤੋਂ ਯੂਥ ਕਾਂਗਰਸ ਦੇ ਆਗੂ ਹਰਮਨ ਸੇਖੋਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਵਾਲੇ ਦਿਨ ਕਤਲ ਕੀਤਾ ਜਾਣਾ ਸੀ ਪਰ ਉਹ ਖੁੰਝ ਗਏ। ਭੁੱਲਰ ਨੇ ਕਿਹਾ ਕਿ ਇਸ ਸਾਜ਼ਿਸ਼ ਪਿੱਛੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਲੋਕਾਂ ਦੀ ਹਮਦਰਦੀ ਲੈਣ ਦੀ ਮਨਸ਼ਾ ਸੀ। ਪਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਭੁੱਲਰ ਨੇ ਸਾਬਕਾ ਵਿਧਾਇਕ ਗਿੱਲ ਅਤੇ ਉਸਦੇ ਪੀਏ ਰਹੇ ਕੇਪੀ ਗਿੱਲ ਸਮੇਤ ਉਸ ਵਕਤ ਦੇ ਡੀਐੱਸਪੀ ਕੁਲਜਿੰਦਰ ਸਿੰਘ ਉੱਪਰ ਗੈਂਗਸਟਰਾਂ ਨੂੰ ਪਿਸਤੌਲਾਂ ਲਈ ਕਾਰਤੂਸ ਮੁਹੱਈਆ ਕਰਵਾਉਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਲਕੇ ਅੰਦਰ ਕਾਂਗਰਸ ਸਰਕਾਰ ਵੇਲੇ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਗੰਭੀਰ ਵਾਰਦਾਤਾਂ ਹੋਈਆਂ ਸਨ। ਉਨ੍ਹਾਂ ਅਪਰਾਧੀਆਂ ਦੀ ਪੁਸ਼ਤ ਪਨਾਹੀ ਸਾਬਕਾ ਵਿਧਾਇਕ ਗਿੱਲ ਵੱਲੋਂ ਕੀਤੀ ਜਾਂਦੀ ਸੀ। ਭੁੱਲਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪਿੰਡ ਸੀਤੋ ਅੰਦਰ ਜਮੀਨੀ ਵਿਵਾਦ ਨੂੰ ਲੈ ਕੇ ਕਤਲ ਹੋਏ ਸਨ, ਉਸ ਵਿਚ ਵੀ ਕਾਂਗਰਸੀ ਵਿਧਾਇਕ ਦਾ ਕਥਿਤ ਤੌਰ ’ਤੇ ਹੱਥ ਸੀ। ਇਸ ਤੋਂ ਇਲਾਵਾ ਪੱਟੀ ਦੇ ਨਦੋਹਰ ਚੌਕ ਵਿਚ ਦੋ ਨੌਜਵਾਨਾਂ ਦੇ ਕਤਲ ਅਤੇ ਦੋ ਅਕਾਲੀ ਵਰਕਰਾਂ ਦੇ ਕਤਲ ਕਰਨ ਵਾਲਿਆਂ ਨੂੰ ਵੀ ਵਿਧਾਇਕ ਦੀ ਹੀ ਕਥਿਤ ਸ਼ਹਿ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਪੱਟੀ ਸ਼ਹਿਰ ਦੇ ਵਪਾਰੀ ਅਜਿਤ ਜੈਨ ਦਾ ਲੁੱਟ ਖੋਹ ਦੌਰਾਨ ਕਤਲ ਹੋਇਆ ਸੀ। ਉਸ ਅਪਰਾਧੀ ਨੂੰ ਕਾਂਗਰਸੀ ਵਿਧਾਇਕ ਨੇ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਸੀ। ਭੁੱਲਰ ਨੇ ਕਿਹਾ ਜੇਕਰ ਕਾਂਗਰਸ ਸਰਕਾਰ ਵੇਲੇ ਪੁਲਿਸ ਵੱਲੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਸੀ ਤਾਂ ਸਾਬਕਾ ਵਿਧਾਇਕ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਕੋਲੋਂ ਸਿਫਾਰਸ਼ ਕਰਵਾ ਕੇ ਅਪਰਾਧੀਆਂ ਨੂੰ ਬਚਾਉਂਦੇ ਰਹੇ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਫੈਲੇ ਗੈਂਗਸਟਰ ਲਈ ਕਾਂਗਰਸ ਅਤੇ ਅਕਾਲੀ ਸਰਕਾਰਾਂ ਜੁੰਮੇਵਾਰ ਹਨ ਅਤੇ ਹੁਣ ਵੀ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਦੋਵੇਂ ਧਿਰਾਂ ਯਤਨਸ਼ੀਲ ਹਨ। ਭੁੱਲਰ ਨੇ ਸਾਬਕਾ ਕਾਂਗਰਸੀ ਵਿਧਾਇਕ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਫੈਡਰੇਸ਼ਨ ਦਾ ਪ੍ਰਧਾਨ ਹੁੰਦਿਆਂ ਹੋਇਆਂ ਵੀ ਕਈ ਅਪਰਾਧਿਕ ਕਾਰਵਾਈਆਂ ’ਚ ਗਿੱਲ ਦਾ ਨਾਂ ਚਰਚਾ ’ਚ ਰਿਹਾ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੋਸ਼ ਲਗਾਇਆ ਕਿ ਹਲਕੇ ਅੰਦਰ ਆਪਣੀ ਸਿਆਸੀ ਜਮੀਨ ਬਚਾਉਣ ਲਈ ਸਾਬਕਾ ਕਾਂਗਰਸੀ ਵਿਧਾਇਕ ਵਿਦੇਸ਼ਾਂ ਵਿਚ ਬੈਠੇ ਅਪਰਾਧੀਆਂ ਰਾਹੀਂ ਆਪਣੇ ਹੀ ਨੇੜਲੇ ਕਾਂਗਰਸੀ ਸਾਥੀਆਂ ਦੇ ਜਾਨੀ ਮਾਲੀ ਨੁਕਸਾਨ ਦੀ ਕਥਿਤ ਤੌਰ ’ਤੇ ਸਾਜਿਸ਼ ਘੜ ਰਿਹਾ ਹੈ ਅਤੇ ਅਜਿਹਾ ਕਰਕੇ ਉਹ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਫਿਰਾਕ ਵਿਚ ਹੈ। ਇਕ ਤਾਂ ਟਿਕਟ ਦਾ ਦਾਅਵੇਦਾਰ ਖਤਮ ਹੋਵੇਗਾ ਤੇ ਦੂਸਰਾ ਸੱਤਾਧਾਰੀ ਧਿਰ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਜਾਵੇਗਾ। ਭੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਸਾਬਕਾ ਵਿਧਾਇਕ ਦੇ ਕਾਰਨਾਮਿਆਂ ਦੀ ਜਾਂਚ ਕਰਨ ਦੀ ਲੋੜ ਹੈ === ਝੂਠੀ ਦੂਸ਼ਣਬਾਜ਼ੀ ਨਾਲ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਮੰਤਰੀ- ਗਿੱਲ ਇਸ ਸਬੰਧੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪੱਟੀ ਹਲਕੇ ਵਿਚ ਕਾਨੂੰਨ ਵਿਵਸਥਾ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਮੰਤਰੀ ਭੁੱਲਰ ਮੌਜੂਦਾ ਹਾਲਤਾਂ ਤੋਂ ਅੱਖ ਫੇਰ ਕੇ ਬੇ ਬੁਨਿਆਦ ਬਿਆਨ ਦੇ ਰਹੇ ਹਨ। ਗਿੱਲ ਨੇ ਕਿਹਾ ਕਿ ਸਰਕਾਰ ਮੌਜੂਦਾ ਹਾਲਾਤਾਂ ਦੀ ਜਿੰਮੇਵਾਰੀ ਲੈਣ ਦੀ ਥਾਂ ਦੂਜਿਆਂ ਉੱਪਰ ਇਲਜ਼ਾਮ ਲਗਾ ਕੇ ਆਪਣਾ ਪੱਲਾ ਝਾੜਨ ’ਚ ਜੁਟੀ ਹੈ। ਜੋ ਗੰਭੀਰ ਦੋਸ਼ ਉਨ੍ਹਾਂ ਉੱਪਰ ਲਗਾਏ ਜਾ ਰਹੇ ਹਨ, ਉਨ੍ਹਾਂ ਵਿਚ ਤੱਥ ਤਾਂ ਕੋਈ ਹੈ ਨਹੀਂ। ਬਲਕਿ ਪੰਜਾਬ ਵਿਚ ਫਲ ਰਹੇ ਗੈਂਗਸਟਰਵਾਦ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ 2027 ਵਿਚ ਆਪਣਾ ਅੰਜਾਮ ਦਿਖਾਈ ਦੇਣ ਕਰਕੇ ਉਹ ਬਿਨਾ ਵਜ੍ਹਾ ਦੂਜਿਆਂ ਉੱਪਰ ਦੋਸ਼ ਮੜ ਰਹੇ ਹਨ। ਪਰ ਸੱਚਾਈ ਲੋਕਾਂ ਦੇ ਸਾਹਮਣੇ ਹੈ ਕਿ ਸੂਬੇ ਦੇ ਹਲਾਤਾਂ ਨੂੰ ਵਿਗਾੜਨ ਵਾਲੀ ਪਾਰਟੀ ਕੌਣ ਅਤੇ ਮਾਹੌਲ ਠੀਕ ਕਰਨ ਵਾਲੀ ਪਾਰਟੀ ਕਿਹੜੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਪਣੀ ਜਾਂਚ ਨਾਲ ਸਾਰਾ ਕੁਝ ਸਾਹਮਣੇ ਲਿਆਵੇਗਾ। ਲੋਕਾਂ ਨੂੰ ਹਰ ਗੱਲ ਦਾ ਪਤਾ ਹੈ, ਉਹ ਹਰ ਗੱਲ ਦਾ ਹਿਸਾਬ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਲੈਣਗੇ। ਗਿੱਲ ਨੇ ਕਿਹਾ ਕਿ ਲੋਕ ਹਲਕੇ ’ਚ ਵਿਕਾਸ ਨੂੰ ਤਰਸ ਰਹੇ ਹਨ।