ਚਾਈਨ ਡੋਰ ਤੋਂ ਵਾਹਨ ਚਾਲਕਾਂ ਦੇ ਬਚਾਅ ਲਈ ਅੱਗੇ ਆਏ ਮਨੋਜ ਅਗਨੀਹੋਤਰੀ
ਪਿਛਲੇ ਦਿਨਾਂ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ, ਜਿਸ ਦੌਰਾਨ ਦੋ ਪਹੀਆ ਵਾਹਨ ਚਾਲਕ ਇਸ ਖੂਨੀ ਡੋਰ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਏ।
Publish Date: Wed, 14 Jan 2026 08:12 PM (IST)
Updated Date: Thu, 15 Jan 2026 04:12 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪਤੰਗਬਾਜ਼ੀ ਦੌਰਾਨ ਵਰਤੀ ਜਾਣ ਵਾਲੀ ਚਾਈਨਾ ਡੋਰ ਨਾਲ ਦੋ ਪਹੀਆ ਵਾਹਨ ਚਾਲਕਾਂ ਨਾਲ ਵਾਪਰ ਰਹੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਤਰਨਤਾਰਨ ਦੀ ਵਾਰਡ ਨੰਬਰ 10 ਦੇ ਨੌਜਵਾਨ ਕੌਂਸਲਰ ਮਨੋਜ ਅਗਨੀਹੋਤਰੀ ਨੇ ਡੋਰ ਤੋਂ ਬਚਾਅ ਲਈ ਵਿਸ਼ੇਸ਼ ਗਾਰਡ ਤਿਆਰ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੰਡੇ ਹਨ। ਅਜਿਹਾ ਉਪਰਾਲਾ ਕਰਨ ਵਾਲੇ ਮਨੋਜ ਸ਼ਹਿਰ ਦੇ ਪਹਿਲੇ ਕੌਂਸਲਰ ਬਣਨ ਵਿਚ ਵੀ ਕਾਮਯਾਬ ਹੋਏ ਹਨ। ਜਦੋਂਕਿ ਵਿਸ਼ੇਸ਼ ਗਾਰਡ ਲੱਗਣ ਨਾਲ ਹੁਣ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਦਾ ਸਰੀਰਕ ਨੁਕਸਾਨ ਹੋਣ ਤੋਂ ਬਚਾਅ ਰਹੇਗਾ। ਕੌਂਸਲਰ ਮਨੋਜ ਅਗਨੀਹੋਤਰੀ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਦੋ ਪਹੀਆ ਵਾਹਨਾਂ ’ਤੇ ਗਾਰਡ ਲਾਉਣ ਦੀ ਸੇਵਾ ਕਰਨ ਮੌਕੇ ਦੱਸਿਆ ਕਿ ਕਈ ਸ਼ਹਿਰਾਂ ’ਚ ਅਜਿਹੇ ਗਾਰਡ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਉਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ। ਪਰ ਅਜੇ ਤੱਕ ਤਰਨਤਾਰਨ ’ਚ ਅਜਿਹਾ ਕੋਈ ਉਪਰਾਲਾ ਹੁੰਦਾ ਸਾਹਮਣੇ ਨਹੀਂ ਆਇਆ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਵਿਸ਼ੇਸ਼ ਗਾਰਡ ਤਿਆਰ ਕਰਵਾਏ ਹਨ, ਜੋ ਦੋ ਪਹੀਆ ਵਾਹਨ ਦੇ ਅੱਗੇ ਲਗਾਉਣ ਨਾਲ ਡੋਰ ਦੀ ਲਪੇਟ ’ਚ ਆਉਣ ਤੋਂ ਚਾਲਕ ਦਾ ਬਚਾਅ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਹੜੀ ਤੋਂ ਬਸੰਤ ਤੱਕ ਮਾਝਾ ਖੇਤਰ ਵਿਚ ਪਤੰਗਬਾਜ਼ੀ ਦਾ ਦੌਰ ਜਾਰੀ ਰਹਿੰਦਾ ਹੈ ਅਤੇ ਇਸ ਦੌਰਾਨ ਪਲਾਸਟਿਕ ਦੀ ਬਣੀ ਚਾਈਨਾ ਡੋਰ ਨਾਲ ਹਾਦਸੇ ਵਾਪਰਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗਦੀਆਂ ਹਨ। ਪਿਛਲੇ ਦਿਨਾਂ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ, ਜਿਸ ਦੌਰਾਨ ਦੋ ਪਹੀਆ ਵਾਹਨ ਚਾਲਕ ਇਸ ਖੂਨੀ ਡੋਰ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਏ। ਦਿਲ ਨੂੰ ਕੰਬਾ ਦੇਣ ਵਾਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਰਾਂਹੀ ਸਾਹਮਣੇ ਆਈਆਂ। ਜਿਸ ਕਰਕੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਇਹ ਵਿਸ਼ੇਸ਼ ਗਾਰਡ ਤਰਨਤਾਰਨ ’ਚ ਵੰਡਣਗੇ ਤਾਂ ਜੋ ਲੋਕ ਇਸ ਡੋਰ ਦੀ ਮਾਰ ਤੋਂ ਬਚ ਸਕਣ। ਉਨ੍ਹਾਂ ਨੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਹ ਗਾਰਡ ਆਪਣੇ ਵਾਹਨ ’ਤੇ ਉਨ੍ਹਾਂ ਚਿਰ ਲਗਾ ਕੇ ਰੱਖਣ ਜਿਨ੍ਹਾਂ ਚਿਰ ਪਤੰਗਬਾਜੀ ਦਾ ਦੌਰ ਚਲਦਾ ਹੈ।