ਤਰਨਤਾਰਨ ਪੁਲਿਸ ਨੂੰ ਵੇਖ ਹੈਰੋਇਨ ਦਾ ਪੈਕੇਟ ਸੁੱਟ ਕੇ ਭੱਜਾ ਵਿਅਕਤੀ, ਦੋ ਕਿੱਲੋ ਦੀ ਖੇਪ ਮਿਲੀ
ਦੂਜੇ ਪਾਸੇ ਪੁਲਿਸ ਨੇ ਫਰਾਰ ਹੋਏ ਵਿਅਕਤੀ ਦੀ ਪਛਾਣ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਜਿਸਦੇ ਖਿਲਾਫ਼ ਐੱਨਡੀਪੀਐੱਸ ਐਕਟ ਤੇ ਭਾਰਤੀ ਵਾਯੂਯਾਨ ਅਧੀਨਿਯ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Wed, 29 Apr 2026 08:32 AM (IST)
Updated Date: Wed, 29 Apr 2026 08:35 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਬਾਸਰਕੇ ’ਚ ਗਸ਼ਤ ’ਤੇ ਨਿਕਲੀ ਥਾਣਾ ਖਾਲੜਾ ਦੀ ਪੁਲਿਸ ਨੂੰ ਵੇਖ ਇਕ ਸ਼ੱਕਤੀ ਵਿਅਕਤੀ ਫਰਾਰ ਹੋ ਗਿਆ। ਹਾਲਾਂਕਿ ਉਸ ਵਲੋਂ ਭੱਜਣ ਮੌਕੇ ਇਕ ਪੈਕੇਟ ਉਥੇ ਹੀ ਸੁੱਟ ਦਿੱਤਾ ਗਿਆ। ਜਿਸਦੀ ਜਾਂਚ ਦੌਰਾਨ ਦੋ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਦੂਜੇ ਪਾਸੇ ਪੁਲਿਸ ਨੇ ਫਰਾਰ ਹੋਏ ਵਿਅਕਤੀ ਦੀ ਪਛਾਣ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਜਿਸਦੇ ਖਿਲਾਫ਼ ਐੱਨਡੀਪੀਐੱਸ ਐਕਟ ਤੇ ਭਾਰਤੀ ਵਾਯੂਯਾਨ ਅਧੀਨਿਯ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਪਿੰਡ ਬਾਸਰਕੇ ਦੀਆਂ ਗਲੀਆਂ ਵਿਚ ਜਾ ਰਹੇ ਸੀ। ਇਸੇ ਦੌਰਾਨ ਇਕ ਘਰ ਦੇ ਗੇਟ ਵਿਚ ਖੜਾ ਵਿਅਕਤੀ ਪੁਲਿਸ ਨੂੰ ਵੇਖ ਲਿਫਾਫਾ ਸੱਟ ਕੇ ਦੌੜ ਗਿਆ। ਪੁਲਿਸ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਇਆ। ਜਦੋਂਕਿ ਉਸ ਵੱਲੋਂ ਸੁੱਟੇ ਗਏ ਲਿਫਾਫੇ ’ਚੋਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸ ਦੀ ਜਾਂਚ ਦੌਰਾਨ 1 ਕਿਲੋ 994 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਵਅਕਤੀ ਦੀ ਪਛਾਣ ਪ੍ਰਗਟ ਸਿੰਘ ਪੱਗੂ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਸਰਕੇ ਵਜੋਂ ਹੋਈ ਹੈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।