ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਲਾਲਪੁਰਾ 2013 ਦੇ ਕੇਸ ’ਚ ਦੋਸ਼ੀ ਕਰਾਰ, ਅਦਾਲਤ ’ਚੋਂ ਕੀਤਾ ਗ੍ਰਿਫਤਾਰ, ਇਸ ਦਿਨ ਸੁਣਾਈ ਜਾਵੇਗੀ ਸਜ਼ਾ
ਪਿੰਡ ਉਸਮਾਂ ਵਾਸੀ ਕਸ਼ਮੀਰ ਸਿੰਘ, ਉਨ੍ਹਾਂ ਦੀ ਲੜਕੀ ਹਰਬਿੰਦਰ ਕੌਰ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ’ਤੇ ਹਮਲੇ ਦੇ ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਹੋਈ ਸੀ ਅਤੇ ਅੰਤਿਮ ਸੁਣਵਾਈ 10 ਸਤੰਬਰ ਤੈਅ ਕੀਤੀ ਗਈ ਸੀ।
Publish Date: Wed, 10 Sep 2025 12:27 PM (IST)
Updated Date: Wed, 10 Sep 2025 12:56 PM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਤਰਨਤਾਰਨ : ਸਾਲ 2013 ’ਚ ਲੜਕੀ ਨਾਲ ਕੁੱਟਮਾਰ ਅਤੇ ਛੇੜ ਛਾੜ ਦੇ ਇਕ ਬਹੁਚਰਚਿਤ ਮਾਮਲੇ ਵਿਚ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਹੁਣ 12 ਸਤੰਬਰ ਨੂੰ ਅਦਾਲਤ ਸਜ਼ਾ ਦਾ ਸਮਾਂ ਮੁਕਰਰ ਕਰੇਗੀ।
ਪਿੰਡ ਉਸਮਾਂ ਵਾਸੀ ਕਸ਼ਮੀਰ ਸਿੰਘ, ਉਨ੍ਹਾਂ ਦੀ ਲੜਕੀ ਹਰਬਿੰਦਰ ਕੌਰ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ’ਤੇ ਹਮਲੇ ਦੇ ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਹੋਈ ਸੀ ਅਤੇ ਅੰਤਿਮ ਸੁਣਵਾਈ 10 ਸਤੰਬਰ ਤੈਅ ਕੀਤੀ ਗਈ ਸੀ। ਜਿਸ ਦੌਰਾਨ ਬੁੱਧਵਾਰ ਨੂੰ ਐਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ 7 ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਜਦੋਂਕਿ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਪਹਿਲਾਂ ਹੀ ਤਿਹਾੜ ਜੇਲ੍ਹ ਵਿਚ ਹੈ। ਹਰਬਿੰਦਰ ਕੌਰ ਦੇ ਵਕੀਲ ਅਮਿਤ ਧਵਨ ਨੇ ਦੱਸਿਆ ਕਿ ਜਮਾਨਤੀ ਧਾਰਾਵਾਂ ਦੇ ਚੱਲਦਿਆਂ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂਕਿ ਬਾਕੀਆਂ ਨੂੰ ਕਿੰਨੀ ਸਜਾ ਹੁੰਦੀ ਹੈ, ਇਸਦਾ ਫੈਸਲਾ ਅਦਾਲਤ 12 ਸਤੰਬਰ ਨੂੰ ਕਰੇਗੀ।