ਤਰਨਤਾਰਨ 'ਚ ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਸੁੱਟਣ ਦੀਆਂ ਘਟਨਾਵਾਂ ਜਾਰੀ, ਪਿੰਡ ਡੱਲ ਦੇ ਖੇਤਾਂ 'ਚ ਡ੍ਰੋਨ ਨਾਲ ਮੁੜ ਸੁੱਟਿਆ ਪਿਸਟਲ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰਹੱਦੀ ਚੌਕੀ ਪੀਰ ਬਾਬਾ ’ਤੇ ਤਾਇਨਾਤ ਬੀਐੱਸਐੱਫ ਦੀ 115 ਬਟਾਲੀਅਨ ਦੇ ਕੰਪਨੀ ਕਮਾਂਡਰ ਅਮਿਤ ਪ੍ਰਕਾਸ਼ ਨੇ ਥਾਣਾ ਖਾਲੜਾ ਨੂੰ ਸੂਚਨਾ ਦਿੱਤੀ ਸੀ ਕਿ ਦਿਲਬਾਗ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਡੱਲ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ।
Publish Date: Sun, 10 May 2026 11:38 AM (IST)
Updated Date: Sun, 10 May 2026 11:40 AM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਵਿਚ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰ ਸੁੱਟਣ ਦੀਆਂ ਘਟਨਾਵਾਂ ਜਾਰੀ ਹਨ। ਤਾਜ਼ਾ ਮਾਮਲੇ ’ਚ ਬੀਐੱਸਐੱਫ ਨੇ ਇਸੇ ਪਿੰਡ ਦੇ ਖੇਤਾਂ ਵਿੱਚੋਂ ਡ੍ਰੋਨ ਨਾਲ ਸੁੱਟੇ ਗਏ ਪਿਸਟਲ ਦੇ ਹਿੱਸੇ ਤੇ ਦੋ ਮੈਗਜ਼ੀਨ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਥਾਣਾ ਖਾਲੜਾ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰਹੱਦੀ ਚੌਕੀ ਪੀਰ ਬਾਬਾ ’ਤੇ ਤਾਇਨਾਤ ਬੀਐੱਸਐੱਫ ਦੀ 115 ਬਟਾਲੀਅਨ ਦੇ ਕੰਪਨੀ ਕਮਾਂਡਰ ਅਮਿਤ ਪ੍ਰਕਾਸ਼ ਨੇ ਥਾਣਾ ਖਾਲੜਾ ਨੂੰ ਸੂਚਨਾ ਦਿੱਤੀ ਸੀ ਕਿ ਦਿਲਬਾਗ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਡੱਲ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਜਿਸਦੇ ਚੱਲਦਿਆਂ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਪੀਲੇ ਰੰਗ ਦੇ ਪੈਕੇਟ ਨੂੰ ਕਬਜ਼ੇ ਵਿਚ ਲੈ ਲਿਆ। ਜਿਸਦੀ ਜਾਂਚ ਦੌਰਾਨ ਬਿਨਾਂ ਸਲਾਈਡ ਦੇ ਪਿਸਟਲ ਅਤੇ ਦੋ ਟੁੱਟੇ ਹੋਏ ਮੈਗਜ਼ੀਨ ਮਿਲੇ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਪਿਸਟਲ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।