ਕੜਾਕੇ ਦੀ ਠੰਢ ਵਿਚ ਬਜ਼ੁਰਗ ਵਿਧਵਾ ਔਰਤ ਹਰਿੰਦਰ ਕੌਰ ਨੇ ਜ਼ਮੀਨ ਖਾਤਰ ਲਾਏ ਟਰਾਲੀ ਵਿਚ ਡੇਰੇ
ਦੂਸਰੀ ਧਿਰ ਨਾਲ ਫੈਸਲਾ ਇਹ ਹੀ ਹੈ ਕਿ ਜ਼ਮੀਨ 27 ਕਨਾਲ਼ 3 ਮਰਲੇ ਵਾਪਸ ਕਰ ਦੇਣ।
Publish Date: Wed, 14 Jan 2026 08:20 PM (IST)
Updated Date: Thu, 15 Jan 2026 04:12 AM (IST)

ਨਰਿੰਦਰ ਸਿੰਘ ਦੋਦੇ,•ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਪਿੰਡ ਕਸੇਲ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਿਸ ਦੌਰਾਨ ਵਿਧਵਾ ਔਰਤ ਹਰਿੰਦਰ ਕੌਰ ਪਤਨੀ ਸਵਰਗੀ ਇਕਬਾਲ ਸਿੰਘ ਵੱਲੋਂ ਕੜਾਕੇ ਦੀ ਠੰਢ ਤੇ ਸੀਤ ਲਹਿਰ ਹੋਣ ਦੇ ਬਾਵਜੂਦ ਜ਼ਮੀਨ ’ਚ ਟਰਾਲੀ ’ਤੇ ਹੀ ਡੇਰੇ ਲਾਏ ਹੋਏ ਹਨ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਮੀਨ ਦੀ ਰੱਖਿਆ ਕਰਨ ਲਈ ਇੰਨੀ ਕੜਾਕੇ ਦੀ ਠੰਢ ਵਿਚ ਬੈਠੀ ਹੈ, ਤਾਂ ਜੋ ਦੂਸਰੀ ਧਿਰ ਵੱਲੋਂ ਉਸਦੀ ਜ਼ਮੀਨ ‘ਤੇ ਦੁਬਾਰਾ ਕਬਜ਼ਾ ਨਾ ਕੀਤਾ ਜਾਵੇ। ਉਹ ਉਨ੍ਹਾਂ ਚਿਰ ਇੱਥੇ ਬੈਠੀ ਰਹੇਗੀ, ਭਾਵੇਂ ਉਸਦੀ ਜਾਨ ਵੀ ਕਿਉਂ ਨਾ ਨਿਕਲ ਜਾਵੇ। ਉਸਦੀ ਦੂਸਰੀ ਧਿਰ ਨਾਲ ਫੈਸਲਾ ਇਹ ਹੀ ਹੈ ਕਿ ਜ਼ਮੀਨ 27 ਕਨਾਲ਼ 3 ਮਰਲੇ ਵਾਪਸ ਕਰ ਦੇਣ। ਦੂਸਰੀ ਧਿਰ ਦੇ ਗੁਰਤੇਜ ਸਿੰਘ ਟਿੰਕੂ ਪੁੱਤਰ ਰਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰਿੰਦਰ ਕੌਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਪਿੰਡ ਦੇ ਦੋ ਵਿਅਕਤੀ ਮੇਜਰ ਸਿੰਘ ਕਸੇਲ ਤੇ ਬਾਬਾ ਲਾਲ ਸਿੰਘ ਸਾਡਾ ਫੈਸਲਾ ਨਹੀਂ ਹੋਣ ਦੇ ਰਹੇ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਦਰਖ਼ਾਸਤ ਵੀ ਦੇ ਚੁੱਕੇ ਹਾਂ ਤੇ ਜੇਕਰ ਕੋਈ ਸਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਇਹ ਦੋਵੇਂ ਵਿਅਕਤੀ ਹੋਣਗੇ। ਅਸੀਂ ਹਰਿੰਦਰ ਕੌਰ ਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਸਾਡੇ ਨਾਲ ਜਿੱਥੇ ਮਰਜ਼ੀ ਬੈਠ ਕੇ ਜ਼ਮੀਨ ਸਬੰਧੀ ਗੱਲਬਾਤ ਕਰ ਸਕਦੇ ਹਨ ਅਸੀਂ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਹਾਂ। ਇਸ ਸਬੰਧੀ ਜਦੋਂ ਮੇਜਰ ਸਿੰਘ ਤੇ ਬਾਬਾ ਲਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰਿੰਦਰ ਕੌਰ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ। ਉਨ੍ਹਾਂ ਨੇ ਕਿਹਾ ਦੂਸਰੀ ਧਿਰ ਨੇ ਜੋ ਵੀ ਕਾਰਵਾਈ ਕਰਾਉਣੀ ਹੈ ਕਰਵਾ ਦੇਵੇ।