ਪੱਟੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ; ਪਤੀ-ਪਤਨੀ ਤੇ ਪੁੱਤਰ ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੱਕਰਪੁਰਾ ਦੇ ਵਸਨੀਕ ਨਿਸ਼ਾਨ ਸਿੰਘ (45) ਪੁੱਤਰ ਬਖ਼ਸ਼ੀਸ਼ ਸਿੰਘ ਆਪਣੀ ਪਤਨੀ ਰਜਵੰਤ ਕੌਰ (42), ਪੁੱਤਰ ਨਵਦੀਪ ਸਿੰਘ (17) ਅਤੇ ਮਾਸੀ ਦੇ ਲੜਕੇ ਜਗਜੀਤ ਸਿੰਘ ਸਮੇਤ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਠੱਕਰਪੁਰਾ ਆ ਰਹੇ ਸੀ।
Publish Date: Wed, 22 May 2024 11:28 AM (IST)
Updated Date: Wed, 22 May 2024 11:52 AM (IST)
ਬੱਲੂ ਮਹਿਤਾ, ਪੱਟੀ - ਤਰਨਤਾਰਨ ਜ਼ਿਲ੍ਹੇ ਦੇ ਹਰੀਕੇ-ਭਿੱਖੀਵਿੰਡ ਮਾਰਗ ’ਤੇ ਪੈਂਦੇ ਪਿੰਡ ਬੂਹ ਨੇੜੇ ਲੰਘੀ ਦੇਰ ਸ਼ਾਮ ਕਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਜਿੱਥੇ ਪਰਖੱਚੇ ਉੱਡ ਗਏ। ਉਥੇ ਹੀ ਕਾਰ ਸਵਾਰ ਪਤੀ, ਪਤਨੀ ਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਜਦੋਂ ਕਿ ਕਾਰ ਵਿਚ ਸਵਾਰ ਇਕ ਹੋਰ ਨੌਜਵਾਨ ਜੋ ਮ੍ਰਿਤਕਾਂ ਦਾ ਰਿਸ਼ਤੇਦਾਰ ਹੈ, ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮੌਤ ਦੇ ਮੂੰਹ ਵਿਚ ਗਿਆ ਪਰਿਵਾਰ ਪੱਟੀ ਦੇ ਨਾਲ ਲੱਗਦੇ ਪਿੰਡ ਠੱਕਰਪੁਰਾ ਦਾ ਰਹਿਣ ਵਾਲਾ ਸੀ।
ਘਟਨਾ ਸਥਾਨ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪੱਟੀ ਭੇਜਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੱਕਰਪੁਰਾ ਦੇ ਵਸਨੀਕ ਨਿਸ਼ਾਨ ਸਿੰਘ (45) ਪੁੱਤਰ ਬਖ਼ਸ਼ੀਸ਼ ਸਿੰਘ ਆਪਣੀ ਪਤਨੀ ਰਜਵੰਤ ਕੌਰ (42), ਪੁੱਤਰ ਨਵਦੀਪ ਸਿੰਘ (17) ਅਤੇ ਮਾਸੀ ਦੇ ਲੜਕੇ ਜਗਜੀਤ ਸਿੰਘ ਸਮੇਤ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਠੱਕਰਪੁਰਾ ਆ ਰਹੇ ਸੀ। ਜਦੋਂ ਉਹ ਪਿੰਡ ਬੂਹ ਹਵੇਲੀਆਂ ਦੇ ਮੋੜ ’ਤੇ ਪੁੱਜੇ ਤਾਂ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਨਿਸ਼ਾਨ ਸਿੰਘ ਤੇ ਰਜਵੰਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਗੰਭੀਰ ਜ਼ਖਮੀ ਨਵਦੀਪ ਸਿੰਘ ਤੇ ਜਗਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਪਰ ਮ੍ਰਿਤਕ ਜੋੜੇ ਦਾ ਪੁੱਤਰ ਨਵਦੀਪ ਸਿੰਘ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਦਮ ਤੋੜ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਠੱਕਰਪੁਰਾ ’ਚ ਸੋਗ ਦੀ ਲਹਿਰ ਦੌੜ ਗਈ। ਹੁਣ ਇਸ ਪਰਿਵਾਰ ’ਚ ਉਨ੍ਹਾਂ ਦਾ ਵੱਡਾ ਲੜਕਾ ਹੀ ਰਹਿ ਗਿਆ ਹੈ। ਪੱਟੀ ਦੇ ਵਿਧਾਇਕ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਸਮੇਤ ਵੱਖ ਵੱਖ ਰਾਜਨੀਤਕ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੱਖ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਥਾਣਾ ਹਰੀਕੇ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੱਟੀ ਤੋਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਬਣੇ ਵਾਹਨ ਦਾ ਚਾਲਕ ਵਾਹਨ ਸਣੇ ਫਰਾਰ ਹੋ ਗਿਆ ਸੀ।