ਜਸਟਿਸ ਮਿਸ਼ਰਾ ਨੇ ਕਿਹਾ ਕਿ ਇਹ ਇਮਾਰਤ ਕਾਨੂੰਨੀ ਸਹਾਇਤਾ ਲੈਣ ਵਾਲੇ ਲਾਭਪਾਤਰੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ,

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਐਗਜੈਕਟਿਵ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਗੁਰਵਿੰਦਰ ਸਿੰਘ ਗਰੇਵਾਲ, ਜਸਟਿਸ ਹਰਸਿਮਰਨ ਸਿੰਘ ਸੇਠੀ, ਜਸਟਿਸ ਸੁਵੀਰ ਸਹਿਗਲ, ਜਸਟਿਸ ਕੁਲਦੀਪ ਤਿਵਾੜੀ ਐਡਮਨਿਸਟ੍ਰੇਟਿਵ ਜੱਜ ਸੈਸ਼ਨ ਡਵੀਜ਼ਨ ਤਰਨਤਾਰਨ, ਜਸਟਿਸ ਅਮਰਜੋਤ ਭੱਟੀ, ਨਵਜੋਤ ਕੌਰ ਸਕੱਤਰ ਪੰਜਾਬ ਰਾਜ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਤਰਨਤਾਰਨ ਦੀਆਂ ਜ਼ਿਲ੍ਹਾ ਕਚਹਿਰੀਆਂ ’ਚ ਬਣਨ ਵਾਲੇ 3 ਮੰਜ਼ਿਲਾ ਏਡੀਆਰ ਸੈਂਟਰ ਦਾ ਸ਼ਨਿਚਰਵਾਰ ਨੂੰ ਨੀਂਹ ਪੱਥਰ ਰੱਖਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਕੰਵਲਜੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਰਾਹੁਲ, ਐੱਸਐੱਸਪੀ ਸੁਰੇਂਦਰ ਲਾਂਭਾ, ਸਥਾਨਕ ਜੱਜ , ਵਕੀਲ ਤੇ ਜ਼ਿਲ੍ਹੇ ਦੀਆਂ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ।
ਏਡੀਆਰ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵਰਚੂਅਲੀ ਤੌਰ 'ਤੇ ਸਮਾਗਮ ’ਚ ਸ਼ਾਮਲ ਹੋਏ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਏਡੀਆਰ ਸੈਂਟਰ ਦੇ ਬਣਨ ਨਾਲ ਜ਼ਿਲ੍ਹੇ ਦੇ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਸਮਝੌਤਾ ਸਦਨ, ਜੁਵੇਨਾਈਲ ਜਸਟਿਸ ਬੋਰਡ ਤੇ ਸਥਾਈ ਲੋਕ ਅਦਾਲਤ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਮਿਲਣਗੀਆਂ ਤੇ ਇਹ ਏਡੀਆਰ ਕੇਂਦਰ ਲੋਕਾਂ ਦੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਏਡੀਆਰ ਸੈਂਟਰ ਬਣਨ 'ਤੇ ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਕਿਹਾ ਕਿ ਇਹ ਏਡੀਆਰ ਸੈਂਟਰ ਤਿੰਨ ਮੰਜ਼ਿਲਾ ਵਾਲੀ ਇਮਾਰਤ ਹੋਵੇਗੀ ਜਿਸ ਦੇ ਗਰਾਊਂਡ ਫਲੋਰ 'ਤੇ ਚੇਅਰਮੈਨ ਦਾ ਦਫ਼ਤਰ, ਡੀਐੱਲਐੱਸਏ ਦੇ ਸਕੱਤਰ ਦਾ ਦਫ਼ਤਰ, ਸਟਾਫ਼ ਲਈ ਦੋ ਕਮਰੇ ਅਤੇ ਇਕ ਫਰੰਟ ਆਫ਼ਿਸ ਹੋਵੇਗਾ। ਇਸ ਤੋਂ ਇਲਾਵਾ ਗਰਾਊਂਡ ਫਲੋਰ 'ਤੇ ਇਕ ਟ੍ਰੇਨਿੰਗ ਰੂਮ ਤੇ ਕ੍ਰੇਚ ਵੀ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਏਡੀਆਰ ਸੈਂਟਰ ਦੀ ਪਹਿਲੀ ਮੰਜ਼ਿਲ 'ਤੇ ਇਕ ਪੱਕੀ ਲੋਕ ਅਦਾਲਤ, ਪ੍ਰਜਾਈਡਿੰਗ ਅਫ਼ਸਰਾਂ ਲਈ ਰਿਟਾਇਰਿੰਗ ਰੂਮ, ਲੋਕ ਅਦਾਲਤ ਦੇ ਮੈਂਬਰਾਂ ਲਈ ਦੋ ਕਮਰੇ, ਇਕ ਸਟਾਫ਼/ਅਹਿਲਮਦ ਕਮਰਾ ਤੇ ਕਾਨੂੰਨੀ ਸਹਾਇਤਾ ਲੈਣ ਵਾਲੇ ਲਾਭਪਾਤਰੀਆਂ ਲਈ ਸੁਚੱਜਾ ਤੇ ਹਵਾਦਾਰ ਉਡੀਕ ਕਮਰਾ ਹੋਵੇਗਾ। ਇੱਥੇ ਲੀਗਲ ਏਡ ਡਿਫੈਂਸ ਕੌਂਸਲਾਂ ਲਈ ਵੀ ਖ਼ੂਬਸੂਰਤ ਦਫ਼ਤਰ ਹੋਣਗੇ। ਦੂਜੀ ਮੰਜ਼ਿਲ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਲਈ ਇੱਕ ਕਾਨਫਰੰਸ ਰੂਮ ਹੋਵੇਗਾ। ਇੱਥੇ ਚਾਰ ਮਧਸਥਤਾ ਕਮਰੇ ਤੇ ਕਾਨੂੰਨੀ ਸਹਾਇਤਾ ਲੈਣ ਵਾਲੇ ਲਾਭਪਾਤਰੀਆਂ ਲਈ ਉਡੀਕ ਖੇਤਰ ਵੀ ਹੋਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰਿਕਾਰਡ ਦੀ ਸੁਰੱਖਿਅਤ ਰੱਖਿਆ ਲਈ ਇੱਕ ਸਟੋਰ ਰੂਮ ਵੀ ਬਣਾਇਆ ਜਾਵੇਗਾ।
ਜਸਟਿਸ ਮਿਸ਼ਰਾ ਨੇ ਕਿਹਾ ਕਿ ਇਹ ਇਮਾਰਤ ਕਾਨੂੰਨੀ ਸਹਾਇਤਾ ਲੈਣ ਵਾਲੇ ਲਾਭਪਾਤਰੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ, ਕਿਉਂਕਿ ਸਾਰੀਆਂ ਕਾਨੂੰਨੀ ਸੇਵਾ ਸੰਸਥਾਵਾਂ ਇੱਕ ਹੀ ਥਾਂ ‘ਤੇ ਉਪਲਬਧ ਹੋਣਗੀਆਂ। ਇਸ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਧਿਕਾਰੀਆਂ ਲਈ ਵੀ ਆਪਸੀ ਤਾਲਮੇਲ ਤੇ ਸਹਿਯੋਗ ਸਥਾਪਤ ਕਰਨਾ ਆਸਾਨ ਹੋ ਜਾਵੇਗਾ।
ਇਸ ਤੋਂ ਪਹਿਲਾਂ ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਹਾਈ ਕੋਰਟ ਦੇ ਹੋਰ ਜੱਜਾਂ ਦਾ ਸਵਾਗਤ ਕੀਤਾ। ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨੀਂਹ ਪੱਥਰ ਦੀ ਰਸਮ ਵਰਚੁਅਲ ਮੋਡ ਰਾਹੀਂ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਵੱਲੋਂ ਜ਼ਿਲ੍ਹਾ ਕਚਹਿਰੀਆਂ ਦੇ ਵਿਹੜੇ ’ਚ ਪੌਦੇ ਲਾਉਣ ਦੀ ਰਸਮ ਵੀ ਅਦਾ ਕੀਤੀ ਗਈ।