ਨਾਮਜ਼ਦਗੀਆਂ ਦੇ ਦੂਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਹੋਈਆਂ ਦੋ ਹੋਰ ਨਾਮਜ਼ਦਗੀਆਂ, ਕੁੱਲ ਗਿਣਤੀ ਤਿੰਨ ਹੋਈ
ਨਾਮਜ਼ਦਗੀਆਂ ਦੇ ਦੂਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਹੋਈਆਂ ਦੋ ਹੋਰ ਨਾਮਜ਼ਦਗੀਆਂ, ਕੁੱਲ ਗਿਣਤੀ ਤਿੰਨ ਹੋਈ
Publish Date: Tue, 02 Dec 2025 08:03 PM (IST)
Updated Date: Wed, 03 Dec 2025 04:12 AM (IST)

165 ਬਲਾਕ ਸੰਮਤੀਆਂ ਲਈ 28 ਨਾਮਜ਼ਦਗੀਆਂ ਹੋਈਆਂ ਦਾਖਲ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਰਣ, ਤਰਨਤਾਰਨ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲੋਈ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਦੋ ਹੋਰ ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਿਸਦੇ ਚੱਲਦਿਆਂ ਹੁਣ ਤੱਕ ਉਮੀਦਵਾਰਾਂ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਰਿਟਰਨਿੰਗ ਅਫਸਰ ਰਾਜਦੀਪ ਸਿੰਘ ਬਰਾੜ ਏਡੀਸੀ ਜਨਰਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਦੇ 20 ਜੋਨਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਇਹ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਨਾਮ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ ਕੈਰੋਂ ਜੋਨ ਲਈ ਇਕ ਅਤੇ ਸਰਹਾਲੀ ਕਲਾਂ ਲਈ ਇਕ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਦੱਸ ਦਈਏ ਕਿ ਏਡੀਸੀ ਰਾਜਦੀਪ ਸਿੰਘ ਬਰਾੜ ਦੇ ਨਾਲ ਨਗਰ ਕੌਂਸਲ ਤਰਨਤਾਰਨ ਦੇ ਈਓ ਕਮਲਜੀਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਤਾਇਨਾਤ ਕੀਤਾ ਗਿਆ ਹੈੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਫ਼ਤਰ ਨਗਰ ਕੌਂਸਲ ਤਰਨਤਾਰਨ ਵਿਖੇ ਦਾਖ਼ਲ ਹੋ ਰਹੇ ਹਨ। ਬਾਕਸ- ਇਹ ਹਨ ਤਰਨਤਾਰਨ ’ਚ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਰਨਤਾਰਨ ਜ਼ਿਲ੍ਹੇ ਦੇ 9 ਬਲਾਕਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 20 ਜੋਨਾਂ ’ਤੇ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ਵਿਚ ਭਲਾਈਪੁਰ ਡੋਗਰਾਂ, ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਮੁੰਡਾਪਿੰਡ, ਸਰਹਾਲੀ ਕਲਾਂ, ਨੌਸ਼ਹਿਰਾ ਪਨੂੰਆਂ, ਪੱਖੋਕੇ, ਸ਼ੇਰੋਂ, ਮਾਣੋਚਾਹਲ ਕਲਾਂ, ਕੈਰੋਂ, ਸਭਰਾ, ਵਲਟੋਹਾ, ਘਰਿਆਲਾ, ਮਹਿਮੂਦਪੁਰ, ਮਾੜੀਮੇਘਾ, ਸੁਰਸਿੰਘ, ਗੱਗੋਬੂਆ, ਕਸੇਲ, ਅੱਡਾ ਝਬਾਲ ਅਤੇ ਪਲਾਸੌਰ ਸ਼ਾਮਲ ਹਨ। ਬਾਕਸ- 165 ਬਲਾਕ ਸੰਮਤੀਆਂ ਲਈ ਹੁਣ ਤੱਕ ਹੋਈਆਂ 28 ਨਾਮਜ਼ਦਗੀਆਂ ਤਰਨਤਾਰਨ ਜ਼ਿਲ੍ਹੇ ’ਚ 9 ਬਲਾਕਾਂ ’ਤੇ ਆਧਾਰਿਤ 165 ਬਲਾਕ ਸੰਮਤੀ ਲਈ ਚੋਣਾਂ ਹੋਣ ਜਾ ਰਹੀਆਂ ਹਨ ਤੇ ਨਾਮਜ਼ਦਗੀਆਂ ਦੇ ਦੂਸਰੇ ਦਿਨ ਜਿਥੇ 27 ਨਾਮਜ਼ਦਗੀਆਂ ਦਾਖਲ ਹੋਈਆਂ। ਉਥੇ ਹੀ ਹੁਣ ਤੱਕ 28 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਜਿਨ੍ਹਾਂ ’ਚ ਪੰਚਾਇਤ ਸੰਮਤੀ ਲਈ ਚਾਰ, ਨੌਸ਼ਹਿਰਾ ਸੰਮਤੀ ਲਈ 8, ਭਿੱਖੀਵਿੰਡ ਸੰਮਤੀ ਲਈ 1 ਅਤੇ ਵਲਟੋਹਾ ਸੰਮਤੀ ਲਈ 14 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਬਾਕਸ- 4 ਦਸੰਬਰ ਤੱਕ ਹੋਣਗੀਆਂ ਨਾਮਜ਼ਦਗੀਆਂ ਦਾਖਲ : ਜ਼ਿਲ੍ਹਾ ਚੋਣ ਅਫਸਰ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 1 ਦਸੰਬਰ ਸੋਮਵਾਰ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਚ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 4 ਦਸੰਬਰ ਵੀਰਵਾਰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਸ਼ੁਕਰਵਾਰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ 6 ਦਸੰਬਰ ਸ਼ਨੀਵਾਰ ਸ਼ਾਮ 3 ਵਜੇ ਤੱਕ ਹੋਵੇਗੀ। ਸਾਰੇ ਨਾਮਜ਼ਦਗੀ ਪੱਤਰਾਂ ਨਾਲ ਨਿਰਧਾਰਿਤ ਹਲਫੀਆ ਬਿਆਨ ਅਤੇ ਉਮੀਦਵਾਰ ਰਾਜਨੀਤਕ ਪਾਰਟੀ ਵੱਲੋਂ ਖੜ੍ਹਾ ਕੀਤੇ ਜਾਣ ਦੀ ਸੂਰਤ ਵਿਚ ਸਬੰਧਤ ਪਾਰਟੀ ਦਾ ਅਧਿਕਾਰਤ ਪੱਤਰ ਨਾਲ ਲੱਗਿਆ ਹੋਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ 14 ਦਸੰਬਰ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲੇਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ ਬੁੱਧਵਾਰ ਨੂੰ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ ’ਤੇ ਹੋਵੇਗੀ।