ਸੋਮਵਾਰ ਸਵੇਰੇ ਕਰੀਬ ਦਸ ਵਜੇ ਈਡੀ ਦੀਆਂ ਦੋ ਟੀਮਾਂ ਗੁਰੂ ਬਾਜ਼ਾਰ ਸਥਿਤ ਗਹਿਣਿਆਂ ਦੀ ਦੁਕਾਨ ਤੇ ਮੁਹੱਲਾ ਗੁਰੂ ਕਾ ਖੂਹ ਚੌਕ ਸਥਿਤ ਪੁਸ਼ਤੈਨੀ ਘਰ ਪਹੁੰਚੀਆਂ। ਜਦੋਂ ਟੀਮ ਦੁਕਾਨ 'ਤੇ ਪਹੁੰਚੀ, ਉਸ ਸਮੇਂ ਕਾਰੋਬਾਰੀ ਬੰਟੀ ਦੇ ਪਿਤਾ ਕੁਲਵੰਤ ਸਿੰਘ ਉੱਥੇ ਮੌਜੂਦ ਸਨ।

ਧਰਮਬੀਰ ਸਿੰਘ ਮਲਹਾਰ, ਤਰਨਤਾਰਨ : ਪ੍ਰਵਰਤਨ ਨਿਰਦੇਸ਼ਾਲਿਆ (ED) ਦੀ ਵਿਸ਼ੇਸ਼ ਟੀਮ ਨੇ ਸੋਮਵਾਰ ਨੂੰ ਤਰਨਤਾਰਨ 'ਚ ਸੋਨਾ ਕਾਰੋਬਾਰੀ ਬਿਕਰਮਜੀਤ ਸਿੰਘ ਉਰਫ਼ ਬੰਟੀ ਦੇ ਤਿੰਨ ਟਿਕਾਣਿਆਂ 'ਤੇ ਦਸਤਕ ਦੇ ਕੇ ਵਿਆਪਕ ਜਾਂਚ ਮੁਹਿੰਮ ਚਲਾਈ। ਸਵੇਰ ਤੋਂ ਸ਼ੁਰੂ ਹੋਈ ਇਸ ਕਾਰਵਾਈ ਨਾਲ ਸ਼ਹਿਰ 'ਚ ਹੜਕੰਪ ਮਚ ਗਿਆ। ਈਡੀ ਦੀ ਟੀਮ ਨੇ ਕਾਰੋਬਾਰੀ ਦੀ ਦੁਕਾਨ, ਪੁਸ਼ਤੈਨੀ ਘਰ ਤੇ ਕੋਠੀ 'ਚ ਦਸਤਾਵੇਜ਼ਾਂ ਅਤੇ ਬੈਂਕ ਲੈਣ-ਦੇਣ ਦੀ ਗੰਭੀਰਤਾ ਨਾਲ ਜਾਂਚ ਕੀਤੀ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ ਦਸ ਵਜੇ ਈਡੀ ਦੀਆਂ ਦੋ ਟੀਮਾਂ ਗੁਰੂ ਬਾਜ਼ਾਰ ਸਥਿਤ ਗਹਿਣਿਆਂ ਦੀ ਦੁਕਾਨ ਤੇ ਮੁਹੱਲਾ ਗੁਰੂ ਕਾ ਖੂਹ ਚੌਕ ਸਥਿਤ ਪੁਸ਼ਤੈਨੀ ਘਰ ਪਹੁੰਚੀਆਂ। ਜਦੋਂ ਟੀਮ ਦੁਕਾਨ 'ਤੇ ਪਹੁੰਚੀ, ਉਸ ਸਮੇਂ ਕਾਰੋਬਾਰੀ ਬੰਟੀ ਦੇ ਪਿਤਾ ਕੁਲਵੰਤ ਸਿੰਘ ਉੱਥੇ ਮੌਜੂਦ ਸਨ। ਅਧਿਕਾਰੀਆਂ ਨੇ ਕਰੀਬ ਡੇਢ ਘੰਟੇ ਤੱਕ ਦੁਕਾਨ ਨਾਲ ਜੁੜੇ ਕਾਰੋਬਾਰ, ਦਸਤਾਵੇਜ਼ਾਂ ਅਤੇ ਲੈਣ-ਦੇਣ ਦੇ ਰਿਕਾਰਡ ਦੀ ਜਾਂਚ ਕੀਤੀ।
ਦੂਜੇ ਪਾਸੇ ਇਕ ਹੋਰ ਟੀਮ ਨੇ ਗੁਰੂ ਕਾ ਖੂਹ ਚੌਕ ਸਥਿਤ ਘਰ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪਰਿਵਾਰ ਦੀਆਂ ਔਰਤਾਂ ਨੂੰ ਘਰੇਲੂ ਕੰਮਕਾਜ ਜਾਰੀ ਰੱਖਣ ਲਈ ਕਿਹਾ ਗਿਆ। ਕਾਰਵਾਈ ਦੌਰਾਨ ਈਡੀ ਨੇ ਸਥਾਨਕ ਪੁਲਿਸ ਨੂੰ ਵੀ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਜਿਸ ਕਾਰਨ ਪੂਰੀ ਕਾਰਵਾਈ ਬੇਹੱਦ ਗੁਪਤ ਤਰੀਕੇ ਨਾਲ ਕੀਤੀ ਗਈ।
ਇਸ ਤੋਂ ਬਾਅਦ ਟੀਮ ਨੇ ਦੀਪ ਐਵੇਨਿਊ ਕਾਲੋਨੀ ਸਥਿਤ ਗੁਰਦੁਆਰਾ ਲਕੀਰ ਸਾਹਿਬ ਦੇ ਨੇੜੇ ਬਣੀ ਕੋਠੀ 'ਚ ਵੀ ਦਸਤਕ ਦਿੱਤੀ। ਕਰੀਬ 12 ਮੈਂਬਰਾਂ ਵਾਲੀ ਟੀਮ ਨੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਤੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ। ਚਾਰ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਖਾਤਿਆਂ ਵਿੱਚ ਹੋਏ ਲੈਣ-ਦੇਣ ਦਾ ਵੇਰਵਾ ਹਾਸਲ ਕੀਤਾ ਗਿਆ।
ਸੂਤਰਾਂ ਅਨੁਸਾਰ ਕਾਰੋਬਾਰੀ ਦੇ ਇਕ ਕਰੀਬੀ ਰਿਸ਼ਤੇਦਾਰ ਦਾ ਸਬੰਧ ਦਿੱਲੀ ਦੇ ਵੱਡੇ ਨਿਰਮਾਣ (construction) ਕਾਰੋਬਾਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਇਸੇ ਕੜੀ ਨੂੰ ਧਿਆਨ 'ਚ ਰੱਖਦੇ ਹੋਏ ਕਾਰੋਬਾਰੀ ਦੇ ਆਰਥਿਕ ਸਬੰਧਾਂ ਤੇ ਲੈਣ-ਦੇਣ ਦੀ ਜਾਂਚ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਵੀ ਈਡੀ ਦੀ ਟੀਮ ਨੇ ਇਸੇ ਕੋਠੀ 'ਚ ਦਸਤਕ ਦਿੱਤੀ ਸੀ, ਪਰ ਉਸ ਸਮੇਂ ਵੀ ਕਾਰੋਬਾਰੀ ਘਰ ਵਿਚ ਮੌਜੂਦ ਨਹੀਂ ਮਿਲਿਆ ਸੀ।
ਫਿਲਹਾਲ ਈਡੀ ਦੀ ਕਾਰਵਾਈ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਸ਼ਹਿਰ ਵਿੱਚ ਪੂਰਾ ਦਿਨ ਇਸ ਛਾਪੇਮਾਰੀ ਦੀ ਚਰਚਾ ਬਣੀ ਰਹੀ। ਜਾਂਚ ਏਜੰਸੀਆਂ ਹੁਣ ਕਾਰੋਬਾਰੀ ਦੇ ਵਿੱਤੀ ਰਿਕਾਰਡ ਅਤੇ ਸੰਭਾਵਿਤ ਕਾਰੋਬਾਰੀ ਸਬੰਧਾਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ।