ਸਰਹੱਦੀ ਪਿੰਡ ਨਾਰਲੀ ਦੀ ਨਹਿਰ ਦੇ ਪੁਲ ਤੋਂ ਨਸ਼ੇੜੀਆਂ ਨੇ ਚੋਰੀ ਕੀਤੀ ਲੋਹੇ ਦੀ ਰੇਲਿੰਗ
ਐਂਗਲਾਂ ਦੀ ਹੋਣ ਵਾਲੀ ਇਸ ਚੋਰੀ ਦੇ ਕਾਰਨ ਕਿਸੇ ਵੀ ਰਾਹਗੀਰ ਨਾਲ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
Publish Date: Wed, 03 Dec 2025 06:21 PM (IST)
Updated Date: Thu, 04 Dec 2025 04:06 AM (IST)

ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਰਕਾਰ ਵਲੋਂ ਜਿਥੇ ਬੜੇ ਜੋਸ਼ ਖਰੋਸ਼ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਚਲਾਈ ਜਾ ਰਹੀ ਹੈ। ਪਰ ਇਸ ਨਾਅਰੇ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਹੈ। ਪਰ ਹਰ ਰੋਜ਼ ਨਸ਼ਿਆਂ ਦੀ ਦਲ ਦਲ ਵਿਚ ਫਸੇ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਗੰਭੀਰ ਤੋਂ ਗੰਭੀਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਨਸ਼ਿਆਂ ਦੀ ਪੂਰਤੀ ਲਈ ਨਸ਼ਈ ਚੋਰਾਂ ਦੇ ਹੌਸਲੇ ਵੀ ਦਿਨ ਬ ਦਿਨ ਹੋਰ ਬੁਲੰਦ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਕਸਬਾ ਖਾਲੜਾ ਦੇ ਨਜ਼ਦੀਕ ਵਸਦੇ ਪਿੰਡ ਨਾਰਲੀ ਤੋਂ ਮਹਿਜ਼ 4-5 ਏਕੜ ਦੀ ਦੂਰੀ ’ਤੇ 1965 ਤੋਂ ਬਾਅਦ ਅਪਰਬਾਰੀ ਦੁਆਬ ਨਹਿਰ ਨੂੰ ਪਾਰ ਕਰਨ ਲਈ ਬਣਾਏ ਗਏ ਡਿਫੈਂਸ ਪੁਲ ਦੇ ਦੋਹਾਂ ਪਾਸਿਆਂ ਦੀ ਰੇਲਿੰਗ ਨਾਲ ਲੱਗੇ ਲੋਹੇ ਦੇ ਐਂਗਲ ਲਾਹ ਕੇ ਚੋਰੀ ਕਰ ਇਸ ਸਕਰੈਪ ਨੂੰ ਵੇਚਣ ਤੋਂ ਬਾਅਦ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਹਨ। ਇਸ ਮੌਕੇ ਪਿੰਡ ਨਾਰਲੀ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਨਾਰਲੀ ਦੇ ਕਿਸਾਨਾਂ ਨੂੰ ਖੇਤੀਬਾੜੀ ਤਾਰੋਂ ਪਾਰਲੀ ਜ਼ਮੀਨ ’ਤੇ ਜਾਣ ਲਈ ਇਸੇ ਪੁਲ ਰਾਹੀਂ ਲੰਘਦੇ ਹਨ। ਪਰ ਐਂਗਲਾਂ ਦੀ ਹੋਣ ਵਾਲੀ ਇਸ ਚੋਰੀ ਦੇ ਕਾਰਨ ਕਿਸੇ ਵੀ ਰਾਹਗੀਰ ਨਾਲ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਆਪਣੇ ਵਲੋਂ ਦੁਬਾਰਾ ਐਂਗਲ ਲਗਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਰਫ਼ ਇਸ ਪੁਲ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ਤੇ ਬੀਐੱਸਐੱਫ ਦਾ ਫਾਇਰੰਗ ਬੱਟ ਮੌਜੂਦ ਹੈ। ਇਸ ਮੌਕੇ ਹਾਜ਼ਰ ਪਿੰਡ ਦੇ ਵਸਨੀਕ ਬਲਦੇਵ ਸਿੰਘ ਫੌਜੀ, ਬਲਵਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਦਿਲਬਾਗ ਸਿੰਘ ਆਦਿ ਮੌਹਤਬਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਇਸ ਪੁਲ ਨਾਲ ਸਬੰਧਤ ਮਹਿਕਮੇ ਨੂੰ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣ ਅਤੇ ਐਂਗਲ ਚੋਰੀ ਕਰਨ ਵਾਲੇ ਚੋਰਾਂ ਨੂੰ ਫ਼ੜਕੇ ਸਲਾਖਾਂ ਪਿੱਛੇ ਸੁੱਟਣ ਦੀ ਪੁਰਜ਼ੋਰ ਅਪੀਲ ਕੀਤੀ ਗਈ।