ਗਣਤੰਤਰ ਦਿਵਸ ’ਤੇ ਜ਼ਿਲ੍ਹਾ ਪੁਲਿਸ ਨੇ ਕੀਤਾ ਫਲੈਗ ਮਾਰਚ
ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਪੰਜਾਬ ਭਰ ’ਚ ਹਾਈ ਅਲਰਟ ਕੀਤਾ ਗਿਆ ਹੈ।
Publish Date: Sun, 25 Jan 2026 08:28 PM (IST)
Updated Date: Mon, 26 Jan 2026 04:16 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਗਣਤੰਤਰ ਦਿਵਸ ਨੂੰ ਲੈ ਕੇ ਪੰਜਾਬ ਭਰ ’ਚ ਚੱਲ ਰਹੇ ਆਈ ਅਲਰਟ ਦੇ ਚੱਲਦਿਆਂ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਜ਼ਿਲ੍ਹੇ ਭਰ ਵਿਚ ਐਤਵਾਰ ਨੂੰ ਫਲੈਗ ਮਾਰਚ ਕੀਤੇ। ਜਦੋਂਕਿ ਤਰਨਤਾਰਨ ਸ਼ਹਿਰ ਵਿਚ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਫਲੈਗ ਮਾਰਚ ਦੀ ਅਗਵਾਈ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚ ਵੀ ਐੱਸਪੀਜ਼ ਅਤੇ ਡੀਐੱਸਪੀਜ਼ ਦੀ ਅਗਵਾਈ ਵਾਲੀਆਂ ਟੀਮਾਂ ਨੇ ਫਲੈਗ ਮਾਰਚ ਕਰ ਕੇ ਗ਼ੈਰ-ਸਮਾਜਿਕ ਅਨਸਰਾਂ ਨੂੰ ਸੰਦੇਸ਼ ਦਿੱਤਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਫਲੈਗ ਮਾਰਚ ਦੌਰਾਨ ਸਥਾਨਕ ਝਬਾਲ ਚੌਂਕ ਬਾਈਪਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਆਪ੍ਰੇਸ਼ਨ ਗੈਂਗਸਟਰਾਂ ਦੇ ਵਾਰ ਦਾ ਐਤਵਾਰ ਨੂੰ ਛੇਵਾਂ ਦਿਨ ਹੈ ਅਤੇ ਸਮੁੱਚੇ ਜ਼ਿਲ੍ਹੇ ’ਚ ਫਲੈਗ ਮਾਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਪੰਜਾਬ ਭਰ ’ਚ ਹਾਈ ਅਲਰਟ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਐੱਸਪੀਜ਼ ਤੇ ਡੀਐੱਸਪੀਜ਼ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ’ਚ ਫਲੈਗ ਮਾਰਚ ਕੀਤੇ ਗਏ ਹਨ। ਜਿਸ ਨਾਲ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ ਤੇ ਅਪਰਾਧਿਕ ਅਨਸਰਾਂ ਨੂੰ ਸੰਦੇਸ਼ ਜਾਵੇਗਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਅਜਿਹੀ ਕਿਸੇ ਵੀ ਹਰਕਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੁੰਦੀ ਹੋਵੇ। ਐੱਸਐੱਸਪੀ ਨੇ ਦੱਸਿਆ ਕਿ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਵੱਖ-ਵੱਖ ਟੀਮਾਂ ’ਚ ਵੰਡੇ ਗਏ ਹਨ ਅਤੇ ਸ਼ਾਮ ਤੋਂ ਲੈ ਕੇ ਰਾਤ ਤੱਕ ਦੀ ਗਸ਼ਤ ਜਾਰੀ ਕੀਤੀ ਗਈ ਹੈ। ਜਦੋਂਕਿ ਤਿੰਨ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ’ਚ 40 ਤੋਂ ਵੱਧ ਰਾਤਰੀ ਨਾਕੇ ਲਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਤੱਕ ਜ਼ਿਲ੍ਹੇ ਭਰ ਦੀਆਂ ਸਰਾਵਾਂ ਤੇ ਹੋਟਲਾਂ ਦੀ ਚੈਕਿੰਗ ਕੀਤੀ ਗਈ ਸੀ ਤੇ ਅੱਜ ਵੀ ਰਾਤ ਤੱਕ ਇਹ ਮੁਹਿੰਮ ਜਾਰੀ ਰਹੀ। ਐੱਸਐੱਸਪੀ ਨੇ ਕਿਹਾ ਕਿ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਤਹਿਤ ਚਲਾਏ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਭਰ ’ਚ ਹਾਟ ਸਪਾਟ ਇਲਾਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਜ਼ਾਰ ਤੋਂ ਵੱਧ ਸ਼ੱਕੀਆਂ ਕੋਲੋਂ ਪੁੱਛ ਗਿੱਛ ਵੀ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਅਣ ਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਤਿਆਰ ਹੈ ਤੇ ਜੇਕਰ ਜਨਤਾ ਨੂੰ ਕਿਸੇ ਅਪਰਾਧਿਕ ਅਨਸਰ ਦੀ ਸੂਚਨਾ ਮਿਲੇ ਤਾਂ ਉਹ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਵੇ। ਇਸ ਲਈ 112 ਹੈਲਪਲਾਈਨ ਤੋਂ ਇਲਾਵਾ ਐਂਟੀ ਗੈਂਗਸਟਰ ਹੈਲਪਲਾਈਨ ਵੀ ਚਲਾਈ ਗਈ ਹੈ।