ਵਿਸ਼ਵ ਅੰਗਹੀਣ ਦਿਵਸ ’ਤੇ ਮੰਗਾ ਨੂੰ ਲੈ ਕੇ ਸੜਕਾਂ ’ਤੇ ਉੱਤਰੇ ਦਿਵਿਆਂਗਜਨ
ਜੇਕਰ ਅਜੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਜਾਂ ਤੁਰੰਤ ਪੈਨਸ਼ਨਾਂ ਨਾ ਲਾਗੂ ਕੀਤੀਆਂ ਤਾਂ ਹੋਰ ਵੀ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
Publish Date: Wed, 03 Dec 2025 08:03 PM (IST)
Updated Date: Thu, 04 Dec 2025 04:09 AM (IST)

ਵਿਸ਼ਵ ਅੰਗਹੀਣ ਦਿਵਸ ’ਤੇ ਮੰਗਾ ਨੂੰ ਲੈ ਕੇ ਸੜਕਾਂ ’ਤੇ ਉੱਤਰੇ ਦਿਵਿਆਂਗਜਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼ : ਸੈਣੀ ਗੁਰਪ੍ਰੀਤ ਸਿੰਘ ਕੱਦਗਿਲ•, ਪੰਜਾਬੀ ਜਾਗਰਣ, ਤਰਨਤਾਰਨ : ਵਿਸ਼ਵ ਅੰਗਹੀਣ ਦਿਵਸ ਤੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਤਰਨਤਾਰਨ ਸ਼ਹਿਰ ਦੇ ਬੋਹੜੀ ਚੌਕ ਵਿਖੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੂੰ ਦਿਵਿਆਂਗਜਨਾਂ ਦੀਆਂ ਮੁਸ਼ਕਿਲਾਂ ਬਾਰ-ਬਾਰ ਦੱਸਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਮੰਗਾਂ ਸਬੰਧੀ ਕੀਤੀਆਂ ਮੀਟਿੰਗਾਂ ਬੇਨਤੀਜਾ ਰਹਿਣ ਕਰਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨਾਂ ਨਹੀਂ ਜਾਰੀ ਕੀਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਇਸ ਤੋਂ ਇਲਾਵਾ ਪੈਰਾ ਉਲੰਪਿਕ ਵੀ ਤਕਨੀਕੀ ਕਾਰਨਾ ਕਰਕੇ ਬੰਦ ਕਰ ਦਿੱਤੀ ਗਈ ਹੈ ਤੇ ਕਿਸੇ ਨੂੰ ਵੀ ਰੁਜ਼ਗਾਰ ਦੇਣ ਦੀ ਬਜਾਏ ਜੋ ਲੋਕ ਈ ਰਿਕਸ਼ਾ ਰਾਹੀਂ ਆਪਣਾ ਮਾੜਾ ਮੋਟਾ ਰੁਜ਼ਗਾਰ ਕਰ ਰਹੇ ਹਨ। ਉਸ ਨੂੰ ਪੰਜਾਬ ਪੁਲਿਸ ਦੇ ਕਰਮਚਾਰੀ ਭੈੜੀ ਸ਼ਬਦਾਵਲੀ ਵਰਤ ਕੇ ਦਬਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਅੰਗਹੀਣ ਦਿਵਸ ’ਤੇ ਸਰਕਾਰਾਂ ਨੂੰ ਤਾਂ ਚਾਹੀਦਾ ਸੀ ਕਿ ਇਸ ਦਿਨ ਆ ਕੇ ਜੋ ਵੀ ਸਕੀਮਾਂ ਇਸ ਵਰਗ ਲਈ ਚੱਲ ਰਹੀਆਂ ਹਨ, ਉਨ੍ਹਾਂ ਨੂੰ ਲਾਗੂ ਕੀਤਾ ਜਾਂਦਾ। ਪਰ ਇੱਥੇ ਸਰਕਾਰ ਨੇ ਕੀ ਕੀਤਾ ਦੋ ਦੋ ਮਹੀਨੇ ਤੋਂ ਪੈਨਸ਼ਨ ਬੰਦ ਕਰ ਦਿੱਤੀਆਂ ਹਨ। ਇਸ ਲਈ ਇਹ ਲੜਾਈ ਇਕੱਲੀ ਹੁਣ ਇਸ ਵਰਗ ਦੀ ਨਹੀਂ ਰਹੀ ਇਸ ਵਿਚ ਬੁਢਾਪਾ, ਵਿਧਵਾ ਪੈਨਸ਼ਨ ਲੈਣ ਵਾਲੇ ਵੀ ਲੋਕ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡਾ ਪ੍ਰਦਰਸ਼ਨ ਕਰਨ ਲਈ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਜਾਂ ਤੁਰੰਤ ਪੈਨਸ਼ਨਾਂ ਨਾ ਲਾਗੂ ਕੀਤੀਆਂ ਤਾਂ ਹੋਰ ਵੀ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।