ਟੋਲ ਵਸੂਲਣ ਦੇ ਬਾਵਜੂਦ ਹਾਈਵੇ 354 ਦੀ ਹਾਲਤ ਬਦਤਰ
ਇਸ ਸਬੰਧੀ ਟੋਲ ਫ੍ਰੀ ਨੰਬਰ ’ਤੇ ਵੀ ਕਈ ਸ਼ਿਕਾਇਤਾਂ ਪੁੱਜੀਆਂ ਪਰ ਕੋਈ ਕਾਰਵਾਈ ਨਹੀਂ ਹੋਈ।
Publish Date: Wed, 07 Jan 2026 07:50 PM (IST)
Updated Date: Thu, 08 Jan 2026 04:09 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਕੜਾਕੇ ਦੀ ਪੈ ਰਹੀ ਠੰਢ ਦੇ ਨਾਲ ਜਿਥੇ ਸੜਕਾਂ ’ਤੇ ਚਲਣ ਵਾਲੇ ਰਾਹਗੀਰਾ ਨੂੰ ਰੋਜ਼ਾਨਾ ਪੈਂਦੀ ਧੁੰਦ ਦੇ ਕਾਰਨ ਅੱਗੇ ਦਿਸਣ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤੇ ਹੀ ਇਸ ਦੇ ਬਾਵਜੂਦ ਨੈਸ਼ਨਲ ਹਾਈਵੇ 354 ਜੋ ਕਸਬਾ ਝਬਾਲ ਦੇ ਵਿੱਚੋਂ ਦੀ ਲੰਘਦਾ ਹੈ ’ਤੇ 4 ਕਿਲੋਮੀਟਰ ਦੇ ਕਰੀਬ ਟੋਲ ਬੈਰੀਅਰ ਵੀ ਲੱਗਾ ਹੈ। ਪਰ ਸੜਕ ਦੇ ਵਿਚਕਾਰ ਡਿਵਾਈਡਰ ’ਤੇ ਲੱਗੀਆਂ ਲਾਈਟਾਂ ਅਕਸਰ ਬੰਦ ਰਹਿੰਦੀਆਂ ਹਨ। ਜਿਸ ਕਰਕੇ ਰਾਹਗੀਰਾਂ ਨੂੰ ਧੁੰਦ ਵਿਚ ਸੜਕ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਕੀਮਤੀ ਜਾਨਾਂ ਵੀ ਅਜਾਈਂ ਚਲੀਆਂ ਜਾਂਦੀਆਂ ਹਨ। ਇਸੇ ਕਰਕੇ ਪਿਛਲੇ ਦਿਨੀਂ ਇਕ ਨੌਜਵਾਨ ਨੂੰ ਇਸੇ ਰੋਡ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਉਸਦੀ ਜਾਨ ਵੀ ਚਲੀ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸੜਕ ਜੋ ਕਿ ਮੰਨਣ ਟੋਲ ਪਲਾਜ਼ਾ ਤੋਂ ਖੇਮਕਰਨ ਕਰਨ ਤੱਕ ਸੜਕ ਉੱਪ ਟੋਏ ਵੀ ਪਏ ਹੋਏ ਹਨ। ਇਥੋਂ ਤੱਕ ਕਿ ਟੋਲ ਬੈਰੀਅਰ ਲੰਘਣ ਸਮੇਂ ਵੀ ਟੋਇਆਂ ਭਰੀ ਸੜਕ ਵਿਚਦੀ ਲੰਘਣਾਂ ਪੈਂਦਾ ਹੈ। ਕਈ ਵਾਰ ਇਸ ਮੁਸ਼ਕਲ ਸਬੰਧੀ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕਦੇ ਕਿਸੇ ਅਧਿਕਾਰੀ ਦੇ ਸਿਰ ’ਤੇ ਜੂੰ ਤੱਕ ਨਹੀ ਸਰਕੀ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਯੋਗੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਉਨ੍ਹਾਂ ਦੇ ਅਧੀਨ ਨਹੀਂ ਬਲਕਿ ਇਸ ਮੇਂਟੀਨੈਂਸ ਵਿਭਾਗ ਨੇ ਕਰਵਾਉਣਾ ਹੈ ਤੇ ਉਨ੍ਹਾਂ ਵਲੋਂ ਵੀ ਕਈ ਵਾਰ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਵੀ ਗਿਆ। ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੋਲ ਫ੍ਰੀ ਨੰਬਰ ’ਤੇ ਵੀ ਕਈ ਸ਼ਿਕਾਇਤਾਂ ਪੁੱਜੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਫਿਰ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਸਲਾ ਲਿਆਉਣਗੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ।