ਤਰਨਤਾਰਨ ਜ਼ਿਲ੍ਹੇ ਵਿਚ ਲਗਭਗ 1577 ਹੈਕਟੇਅਰ ਰਕਬੇ ਵਿਚ ਨਾਸ਼ਪਾਤੀ ਦੇ ਬਾਗ਼ ਹਨ, ਜਿਨ੍ਹਾਂ ’ਚੋਂ ਵੱਡਾ ਹਿੱਸਾ ਇਸ ਵਾਰ ਵਪਾਰੀਆਂ ਵੱਲੋਂ ਠੇਕੇ ’ਤੇ ਨਹੀਂ ਲਿਆ ਗਿਆ, ਜਿਸ ਕਾਰਨ ਹੁਣ ਕਿਸਾਨ ਖੁਦ ਹੀ ਬਾਗ਼ਾਂ ਦੀ ਸਾਂਭ-ਸੰਭਾਲ ਅਤੇ ਫ਼ਲ ਦੀ ਤੋੜ ਕਰਵਾਉਣ ਲਈ ਮਜ਼ਬੂਰ ਹਨ।

ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ : ਤਰਨਤਾਰਨ ਜ਼ਿਲ੍ਹੇ ਦਾ ਪੱਟੀ ਇਲਾਕਾ ਪੰਜਾਬ ’ਚ ਨਾਸ਼ਪਾਤੀ ਦੀ ਖੇਤੀ ਲਈ ਵਿਸ਼ੇਸ਼ ਪਛਾਣ ਰੱਖਦਾ ਹੈ। ਇਥੇ ਸੈਂਕੜੇ ਏਕੜ ’ਚ ਲੱਗੇ ਨਾਸ਼ਪਾਤੀ ਦੇ ਬਾਗ਼ ਹਰ ਸਾਲ ਬਾਹਰੀ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਵਪਾਰੀਆਂ ਵੱਲੋਂ ਠੇਕੇ ’ਤੇ ਲਏ ਜਾਂਦੇ ਸਨ ਪਰ ਇਸ ਵਾਰ ਮੌਸਮੀ ਤਬਦੀਲੀਆਂ ਤੇ ਫ਼ਲ ਦੀ ਘੱਟ ਪੈਦਾਵਾਰ ਕਾਰਨ ਜ਼ਿਆਦਾਤਰ ਵਪਾਰੀਆਂ ਨੇ ਬਾਗਾਂ ਨੂੰ ਠੇਕੇ ’ਤੇ ਲੈਣ ਤੋਂ ਪਾਸਾ ਵੱਟ ਲਿਆ ਹੈ। ਇਸ ਨਾਲ ਬਾਗ਼ਬਾਨ ਕਿਸਾਨਾਂ ’ਚ ਭਾਰੀ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਤਰਨਤਾਰਨ ਜ਼ਿਲ੍ਹੇ ਵਿਚ ਲਗਭਗ 1577 ਹੈਕਟੇਅਰ ਰਕਬੇ ਵਿਚ ਨਾਸ਼ਪਾਤੀ ਦੇ ਬਾਗ਼ ਹਨ, ਜਿਨ੍ਹਾਂ ’ਚੋਂ ਵੱਡਾ ਹਿੱਸਾ ਇਸ ਵਾਰ ਵਪਾਰੀਆਂ ਵੱਲੋਂ ਠੇਕੇ ’ਤੇ ਨਹੀਂ ਲਿਆ ਗਿਆ, ਜਿਸ ਕਾਰਨ ਹੁਣ ਕਿਸਾਨ ਖੁਦ ਹੀ ਬਾਗ਼ਾਂ ਦੀ ਸਾਂਭ-ਸੰਭਾਲ ਅਤੇ ਫ਼ਲ ਦੀ ਤੋੜ ਕਰਵਾਉਣ ਲਈ ਮਜ਼ਬੂਰ ਹਨ। ਬਾਗ਼ਾਂ ’ਚ ਕੰਮ ਕਰਨ ਲਈ ਲੇਬਰ ਦੀ ਵੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਕਿਸਾਨਾਂ ਦੇ ਖ਼ਰਚੇ ਹੋਰ ਵੱਧ ਗਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਨਾਸ਼ਪਾਤੀ ਦੇ ਫਲ਼ ਦਾ ਝਾੜ ਕਾਫ਼ੀ ਘੱਟ ਹੈ। ਇਸ ਦਾ ਇਕ ਵੱਡਾ ਕਾਰਨ ਪਾਣੀ ਦੀ ਕਮੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਨਾਸ਼ਪਾਤੀ ਦੇ ਪੌਦਿਆਂ ਨੂੰ ਫ਼ਲ ਲੱਗਣਾ ਸ਼ੁਰੂ ਹੁੰਦਾ ਹੈ, ਉਸ ਸਮੇਂ ਬਾਗਾਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ ਪਰ ਸਰਕਾਰ ਵੱਲੋਂ ਬਿਜਲੀ ਅਤੇ ਨਹਿਰੀ ਪਾਣੀ ਦਾ ਸ਼ਡਿਊਲ ਰਵਾਇਤੀ ਹਾੜੀ-ਸਾਉਣੀ ਦੀਆਂ ਫ਼ਸਲਾਂ ਦੇ ਹਿਸਾਬ ਨਾਲ ਚਲਾਇਆ ਜਾਂਦਾ ਹੈ। ਇਸ ਕਾਰਨ ਬਾਗ਼ਬਾਨੀ ਕਰਨ ਵਾਲੇ ਕਿਸਾਨਾਂ ਨੂੰ ਨਾ ਤਾਂ ਸਮੇਂ ਸਿਰ ਬਿਜਲੀ ਮਿਲਦੀ ਹੈ ਅਤੇ ਨਾ ਹੀ ਨਹਿਰੀ ਪਾਣੀ, ਜਿਸ ਦਾ ਸਿੱਧਾ ਅਸਰ ਫਲ ਦੀ ਪੈਦਾਵਾਰ ’ਤੇ ਪੈਂਦਾ ਹੈ।
ਇਲਾਕੇ ਦੇ ਕਈ ਕਿਸਾਨ ਹੁਣ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਬਾਗਬਾਨੀ ਵੱਲ ਆ ਰਹੇ ਹਨ ਅਤੇ ਨਵੇਂ ਨਾਸ਼ਪਾਤੀ ਦੇ ਬਾਗ ਲਗਾ ਰਹੇ ਹਨ ਪਰ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਨਵੇਂ ਬਾਗਬਾਨੀ ਕਿਸਾਨਾਂ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਬਾਗਬਾਨੀ ਵੱਡੇ ਸੰਕਟ ਵਿਚ ਫਸ ਸਕਦੀ ਹੈ।
ਬਾਗਬਾਨੀ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਨਾਸ਼ਪਾਤੀ ਦੇ ਬਾਗਾਂ ’ਚ ਨਦੀਨ, ਬੂਟੀ, ਸਿਉਂਕ ਅਤੇ ਵਰਮੀ ਵਰਗੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਲਈ ਮਹਿੰਗੀਆਂ ਦਵਾਈਆਂ ਅਤੇ ਸਪਰੇਅ ਦੀ ਲੋੜ ਪੈਂਦੀ ਹੈ। ਬਾਜ਼ਾਰ ’ਚ ਇਹ ਦਵਾਈਆਂ ਕਾਫ਼ੀ ਮਹਿੰਗੀਆਂ ਮਿਲਦੀਆਂ ਹਨ, ਜਿਸ ਨਾਲ ਖ਼ਰਚਾ ਹੋਰ ਵਧ ਜਾਂਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਬਾਗਬਾਨੀ ਵਿਭਾਗ ਦੇ ਦਫ਼ਤਰ ਤਹਿਸੀਲ ਪੱਧਰ ’ਤੇ ਮੁੜ ਖੋਲੇ ਜਾਣ ਅਤੇ ਉੱਥੇ ਦਵਾਈਆਂ ਅਤੇ ਸਲਾਹਕਾਰ ਸੇਵਾਵਾਂ ਵਾਜਬ ਰੇਟਾਂ ’ਤੇ ਉਪਲਬਧ ਕਰਵਾਈਆਂ ਜਾਣ।
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਪੈਦਾ ਹੋਣ ਵਾਲੀ ਨਾਸ਼ਪਾਤੀ ਦੀ ਮੰਗ ਵਿਦੇਸ਼ਾਂ ’ਚ ਵੀ ਹੈ, ਖ਼ਾਸ ਕਰਕੇ ਅਰਬ ਦੇਸ਼ਾਂ ’ਚ ਇਸਦੀ ਵੱਡੀ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮਾਰਕਫੈੱਡ ਜਾਂ ਹੋਰ ਸਰਕਾਰੀ ਏਜੰਸੀਆਂ ਰਾਹੀਂ ਨਾਸ਼ਪਾਤੀ ਦੀ ਖਰੀਦ ਅਤੇ ਮੰਡੀਕਰਨ ਦਾ ਪ੍ਰਬੰਧ ਕਰਨਾ ਪੈਂਦਾ ਹੈ, ਤਾਂ ਜੋ ਕਿਸਾਨਾਂ ਨੂੰ ਆਪਣਾ ਫ਼ਲ ਸੂਬੇ ਤੋਂ ਬਾਹਰ ਲਿਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਅੰਮ੍ਰਿਤਸਰ ਤੋਂ ਸਿੱਧੇ ਤੌਰ ’ਤੇ ਵਿਦੇਸ਼ੀ ਮਾਰਕੀਟਾਂ ’ਚ ਨਾਸ਼ਪਾਤੀ ਭੇਜਣ ਦੀ ਯੋਜਨਾ ਬਣਾਈ ਜਾਵੇ, ਤਾਂ ਪੰਜਾਬ ਦੀ ਬਾਗਬਾਨੀ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੇ ਬਾਗਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕੀਆਂ ਸੜਕਾਂ ਵਿਚ ਤਬਦੀਲ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਲ ਤੋੜਨ ਦਾ ਸਮਾਂ ਅਕਸਰ ਬਰਸਾਤ ਦੇ ਮੌਸਮ ’ਚ ਆਉਂਦਾ ਹੈ ਅਤੇ ਕੱਚੇ ਰਸਤਿਆਂ ਕਾਰਨ ਫਲ ਮੰਡੀਆਂ ਤਕ ਪਹੁੰਚਾਉਣ ਵਿਚ ਭਾਰੀ ਦਿੱਕਤਾਂ ਆਉਂਦੀਆਂ ਹਨ। ਕਈ ਵਾਰ ਟਰਾਲੀਆਂ ਅਤੇ ਛੋਟੇ ਵਾਹਨ ਚਿੱਕੜ ਵਿਚ ਫਸ ਜਾਂਦੇ ਹਨ, ਜਿਸ ਨਾਲ ਫ਼ਲ ਖਰਾਬ ਹੋ ਜਾਂਦਾ ਹੈ ਅਤੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਕਿਸਾਨ ਆਗੂ ਨਿਸ਼ਾਨ ਸਿੰਘ, ਬਾਜ ਸਿੰਘ, ਰਣਜੀਤ ਸਿੰਘ, ਚਰਨ ਸਿੰਘ, ਪ੍ਰਿਥੀਪਾਲ ਸਿੰਘ, ਭੋਲਾ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਨੂੰ ਛੋਟੇ ਟਰੈਕਟਰਾਂ, ਸਪਰੇਅ ਪੰਪਾਂ, ਰੂਟਾਵੇਟਰਾਂ ਅਤੇ ਹੋਰ ਬਾਗਬਾਨੀ ਸੰਦਾਂ ’ਤੇ ਸਬਸਿਡੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਬਾਗਬਾਨੀ ਖੇਤਰ ਨੂੰ ਹੱਲਾਸ਼ੇਰੀ ਦਿੱਤੀ ਜਾਵੇ, ਤਾਂ ਪੰਜਾਬ ਦੇ ਹਜ਼ਾਰਾਂ ਕਿਸਾਨ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ।
ਕਲਕੱਤੇ ਤੇ ਦਿੱਲੀ ’ਚ ਸਭ ਤੋਂ ਪਹਿਲਾਂ ਵਿਕ ਜਾਂਦੀ ਹੈ ਪੱਟੀ ਦੀ ਨਾਸ਼ਪਾਤੀ
ਪੱਟੀ ਅਤੇ ਆਸ-ਪਾਸ ਦਾ ਇਲਾਕਾ ਪੰਜਾਬ ਵਿਚ ਨਾਸ਼ਪਾਤੀ ਦੀ ਉੱਚ ਗੁਣਵੱਤਾ ਲਈ ਖਾਸ ਪਛਾਣ ਰੱਖਦਾ ਹੈ। ਇੱਥੇ ਪੈਦਾ ਹੋਣ ਵਾਲੀ ਨਾਸ਼ਪਾਤੀ ਆਪਣੀ ਮਿਠਾਸ, ਰਸਦਾਰ ਸੁਆਦ ਅਤੇ ਲੰਮੇ ਸਮੇਂ ਤਕ ਤਾਜ਼ਾ ਰਹਿਣ ਦੀ ਖੂਬੀ ਕਾਰਨ ਦੇਸ਼ ਦੀਆਂ ਵੱਡੀਆਂ ਮੰਡੀਆਂ ’ਚ ਖਾਸ ਮੰਗ ਰੱਖਦੀ ਹੈ। ਕਿਸਾਨਾਂ ਅਨੁਸਾਰ ਹਰ ਸਾਲ ਪੱਟੀ ਇਲਾਕੇ ਦੀ ਨਾਸ਼ਪਾਤੀ ਸਭ ਤੋਂ ਪਹਿਲਾਂ ਦਿੱਲੀ, ਕਲਕੱਤਾ, ਜੈਪੁਰ ਅਤੇ ਲਖਨਊ ਵਰਗੀਆਂ ਵੱਡੀਆਂ ਮੰਡੀਆਂ ਵਿਚ ਭੇਜੀ ਜਾਂਦੀ ਹੈ, ਜਿਥੇ ਇਹ ਆਉਂਦੇ ਹੀ ਹੱਥੋਂ-ਹੱਥ ਵਿਕ ਜਾਂਦੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪੱਟੀ ਦੀ ਨਾਸ਼ਪਾਤੀ ਦਾ ਸਾਈਜ਼, ਰੰਗ ਅਤੇ ਮਿੱਠਾਪਣ ਹੋਰ ਇਲਾਕਿਆਂ ਨਾਲੋਂ ਵਧੀਆ ਹੁੰਦਾ ਹੈ, ਜਿਸ ਕਾਰਨ ਇਸਦੀ ਡਿਮਾਂਡ ਹਮੇਸ਼ਾ ਉੱਚੀ ਰਹਿੰਦੀ ਹੈ।
ਕਿਸਾਨਾਂ ਨੂੰ ਸਟੋਰੇਜ਼ ਤੇ ਮੰਡੀਕਰਨ ਦੀ ਸਹੂਲਤ ਮਿਲੇ ਤਾਂ ਹੋ ਸਕਦਾ ਲਾਭ
ਕਈ ਵਪਾਰੀ ਤਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਗਾਂ ਦੇ ਠੇਕੇ ਕਰ ਲੈਂਦੇ ਸਨ ਪਰ ਇਸ ਵਾਰ ਝਾੜ ਘੱਟ ਹੋਣ ਕਾਰਨ ਮੰਡੀਆਂ ’ਚ ਵੀ ਚਿੰਤਾ ਬਣੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਸਹੀ ਮੰਡੀਕਰਨ, ਕੋਲਡ ਸਟੋਰੇਜ ਅਤੇ ਐਕਸਪੋਰਟ ਦੀ ਸਹੂਲਤ ਦਿੱਤੀ ਜਾਵੇ ਤਾਂ ਪੱਟੀ ਦੀ ਨਾਸ਼ਪਾਤੀ ਵਿਦੇਸ਼ੀ ਮਾਰਕੀਟ ’ਚ ਵੀ ਵੱਡਾ ਨਾਂ ਕਮਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਇਹ ਖਾਸ ਪੈਦਾਵਾਰ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਨਾਸ਼ਪਤੀ ਦੇ ਬਾਗ਼ ਠੇਕੇ ’ਤੇ ਨਾ ਚੜ੍ਹਨ ਦੇ ਕਈ ਕਾਰਨ ਹੋ ਸਕਦੇ : ਐੱਚਡੀਓ
ਇਸ ਸਬੰਧੀ ਜਦੋਂ ਬਾਗ਼ਬਾਨੀ ਵਿਭਾਗ ਦੇ ਐੱਚਡੀਓ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਨਾਸ਼ਪਤੀ ਦੇ ਬਾਗ਼ ਠੇਕੇ ’ਤੇ ਨਾ ਚੜ੍ਹਨ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਵੱਡਾ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚਕਾਰ ਠੇਕੇ ਦੀ ਰਕਮ ਨੂੰ ਲੈ ਕੇ ਸਹਿਮਤੀ ਨਾ ਬਣਨਾ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੱਧ ਬਰਸਾਤਾਂ ਹੋਣ ਕਾਰਨ ਵਪਾਰੀ ਵਰਗ ਨੂੰ ਨਾਸ਼ਪਾਤੀ ਦੇ ਕਾਰੋਬਾਰ ’ਚ ਭਾਰੀ ਨੁਕਸਾਨ ਝੱਲਣਾ ਪਿਆ ਸੀ, ਜਿਸ ਕਾਰਨ ਇਸ ਵਾਰ ਕਈ ਵਪਾਰੀ ਆਰਥਿਕ ਤੰਗੀ ਕਾਰਨ ਬਾਗ਼ ਠੇਕੇ ’ਤੇ ਲੈਣ ਤੋਂ ਝਿਜਕ ਰਹੇ ਹਨ।
ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਾਸ਼ਪਤੀ ਦਾ ਫਲ ਆਮ ਤੌਰ ’ਤੇ ਇਕ ਸਾਲ ਵੱਧ ਅਤੇ ਦੂਜੇ ਸਾਲ ਘੱਟ ਹੁੰਦਾ ਹੈ।
ਇਸ ਕੁਦਰਤੀ ਚੱਕਰ ਕਰਕੇ ਵੀ ਇਸ ਵਾਰ ਫ਼ਲ ਦੀ ਪੈਦਾਵਾਰ ਕੁਝ ਘੱਟ ਹੋ ਸਕਦੀ ਹੈ। ਕਿਸਾਨਾਂ ਵੱਲੋਂ ਉਠਾਏ ਗਏ ਨਹਿਰੀ ਪਾਣੀ ਅਤੇ ਬਿਜਲੀ ਦੇ ਮੁੱਦੇ ’ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀ ਜਾਇਜ਼ ਮੰਗ ਹੈ।
ਹਾਲਾਂਕਿ ਇਹ ਸਰਕਾਰ ਪੱਧਰ ਦੇ ਫੈਸਲੇ ਹਨ, ਪਰ ਬਾਗ਼ਬਾਨੀ ਵਿਭਾਗ ਕਿਸਾਨਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ।