ਬੱਚੇ ਦੀ ਮੌਤ ਦਾ ਭੇਦ ਅਜੇ ਵੀ ਬਰਕਰਾਰ
ਜਗਤਪੁਰਾ ਦੇ ਬੱਚੇ ਦੀ ਭੇਦ ਭਰੇ ਹਲਾਤਾਂ ’ਚ ਹੋਈ ਮੌਤ ਦਾ ਭੇਦ ਅਜੇ ਵੀ ਬਰਕਰਾਰ
Publish Date: Sat, 27 Dec 2025 09:06 PM (IST)
Updated Date: Sun, 28 Dec 2025 04:13 AM (IST)

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਪਿੰਡ ਜਗਤਪੁਰਾ ਮਾਸੂਮ ਬੱਚੇ ਦੀ ਮੌਤ ਦਾ ਭੇਦ ਚਾਰ ਦਿਨ ਬਾਅਦ ਵੀ ਨਹੀਂ ਖੁੱਲ੍ਹ ਸਕਿਆ। ਜਦੋਂਕਿ ਮਨਰਾਜ ਸਿੰਘ ਨਾਮਕ ਉਕਤ ਬੱਚੇ ਦਾ ਪੋਸਟਮਾਰਟਮ ਉਪੰਰਤ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਪਰਿਵਾਰ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਹੀ ਦੱਸ ਰਿਹਾ ਹੈ। ਉਥੇ ਪਿੰਡ ਦੇ ਕੁਝ ਲੋਕਾਂ ’ਤੇ ਪੁਲਿਸ ਕਾਰਵਾਈ ਵਿਚ ਅੜਿੱਕਾ ਪਾਉਣ ਦਾ ਦੋਸ਼ ਵੀ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮਾਸੂਮ ਮਨਰਾਜ ਸਿੰਘ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਸੱਤ ਭੈਣਾਂ ਹਨ ਤੇ ਉਨ੍ਹਾਂ ਦੇ ਤਿੰਨ ਭਰਾਵਾਂ ’ਚੋਂ ਇਕ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਸਦੇ ਭਰਾ ਦਾ ਲੜਕਾ ਮਨਰਾਜ ਮਾੜੀ ਨੀਅਤ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 24 ਦਸੰਬਰ ਦੀ ਸ਼ਾਮ ਨੂੰ ਉਨ੍ਹਾਂ ਦੇ ਬੱਚੇ ਦੀ ਲਾਸ਼ ਬਰਾਮਦ ਹੋਈ ਸੀ ਤੇ ਚਾਰ ਦਿਨ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਜਿਥੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਸੰਤੁਸ਼ਟ ਹਾਂ, ਉਥੇ ਪਿੰਡ ਦੇ ਹੀ ਕੁਝ ਮੋਹਿਤਬਰਾਂ ਦਾ ਪੁਲਿਸ ਦੀ ਕਾਰਵਾਈ ਨੂੰ ਦਬਾਉਣ ’ਤੇ ਜ਼ੋਰ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨਰਾਜ ਦਾ ਸਸਕਾਰ ਭਾਵੇਂ ਕਰ ਦਿੱਤਾ ਹੈ ਪਰ ਇਨਸਾਫ਼ ਲੈਣ ਲਈ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।