ਚੋਣਾਂ ਦੌਰਾਨ ਪਿੰਡ ਵਰਾਣਾ ’ਚ ਲੱਗੇ ਬੂਥ ਕੈਪਚਰਿੰਗ ਦੇ ਦੋਸ਼, ਕਾਜੀਕੋਟ ’ਚ ਚੱਲੇ ਇੱਟਾਂ ਰੋੜੇ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ’ਚ ਐਤਵਾਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬੇਸ਼ੱਕ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਪਰ ਇਸ ਦੌਰਾਨ ਕੁਝ ਪਿੰਡਾਂ ਵਿਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਕਾਰਕੁੰਨਾਂ ਦਰਮਿਆਨ ਜਿਥੇ ਤਕਰਾਰ ਦੀ ਖਬਰ ਸਾਹਮਣੇ ਆਈ। ਉਥੇ ਹੀ ਕੁਝ ਥਾਵਾਂ ’ਤੇ ਬੂਥ ਕੈਪਚਰਿੰਗ ਵਰਗੇ ਦੋਸ਼ ਵੀ ਲੱਗਦੇ ਦਿਖਾਈ ਦਿੱਤੇ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਚੋਣ ਅਮਲ ਦੌਰਾਨ ਅਜਿਹੀ ਕੋਈ ਘਟਨਾ ਸਾਹਮਣੇ ਨਾ ਆਉਣ ਦੀ ਗੱਲ ਕਹੀ।
ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜ਼ੋਨ 7 ਉਸਮਾਂ ’ਚ ਬਲਾਕ ਸੰਮਤੀ ਨੌਸ਼ਹਿਰਾ ਪੰਨੂਆਂ ਦੇ ਪਿੰਡ ਵਰਾਣਾ ਵਿੱਚ ਡੇਢ ਸੌ ਦੇ ਕਰੀਬ ਅਣਪਛਾਤੇ ਲੋਕਾਂ ਵੱਲੋਂ ਬੂਥ ਕੈਪਚਰ ਕਰਨ ਦਾ ਦੋਸ਼ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਨੇ ਲਗਾਇਆ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਬੀਰ ਕੌਰ ਦੇ ਪੋਲਿੰਗ ਏਜੰਟ ਰਣਜੋਧ ਸਿੰਘ ਅਤੇ ਵੋਟਰ ਵਿਰਸਾ ਸਿੰਘ ਨੇ ਦੱਸਿਆ ਕਿ ਡੇਢ ਸੌ ਦੇ ਕਰੀਬ ਅਣਪਛਾਤੇ ਲੋਕ ਗੱਡੀਆਂ ’ਤੇ ਸਵਾਰ ਹੋ ਕੇ ਪਿੰਡ ਵਰਾਣੇ ਵਿਚ ਪੁੱਜੇ ਅਤੇ ਬੂਥ ਨੂੰ ਕੈਪਚਰ ਕਰਕੇ ਜਾਅਲੀ ਵੋਟਾਂ ਭੁਗਤਾ ਦਿੱਤੀਆਂ। ਜਦੋਂਕਿ ਮੌਕੇ ’ਤੇ ਮੌਜੂਦ ਪੁਲਿਸ ਮੂਕ ਦਰਸ਼ਕ ਬਣੀ ਦਿਖਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਰੀਬ ਇਕ ਘੰਟੇ ਬਾਅਦ ਚੌਂਕੀ ਨੌਸ਼ਹਿਰਾ ਪਨੂੰਆਂ ਦੀ ਪੁਲਿਸ ਇਥੇ ਪੁੱਜੀ ਪਰ ਉਦੋਂ ਤੱਕ ਅਣਪਛਾਤੇ ਲੋਕ ਆਪਣੇ ਵਾਹਨਾਂ ਸਮੇਤ ਇਥੋਂ ਜਾ ਚੁੱਕੇ ਸਨ।
ਚੌਕੀ ਇੰਚਾਰਜ ਸਲਵਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਜਦੋਂ ਪਿੰਡ ਵਿਚ ਪੁੱਜੇ ਤਾਂ ਇਥੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਸਨ। ਉਨ੍ਹਾਂ ਨੇ ਬੂਥ ਕੈਪਚਰਿੰਗ ਵਰਗੀ ਕਿਸੇ ਵੀ ਘਟਨਾ ਤੋਂ ਜਿਥੇ ਇਨਕਾਰ ਕੀਤਾ ਅਤੇ ਕਿਹਾ ਕਿ ਇਕਾ ਦੁਕਾ ਲੋਕ ਬੂਥ ਦੇ ਬਾਹਰ ਖੜੇ ਸਨ, ਜਿਨ੍ਹਾਂ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ ਹੈ। ਉਥੇ ਹੀ ਬੂਥ ਉੱਪਰ ਹੋਈ ਘਟਨਾ ਸਬੰਧੀ ਵੀਡੀਓ ਬਣਨ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੋਲਿੰਗ ਕੇਂਦਰ ਵਿਚ ਇਕ ਵਿਅਕਤੀ ਵੱਲੋਂ ਮੋਬਾਈਲ ਫੋਨ ਲੈ ਕੇ ਦਾਖਲ ਹੋ ਜਾਣ ਸਬੰਧੀ ਡਿਊਟੀ ’ਤੇ ਤਾਇਨਾਤ ਥਾਣਾ ਚੋਹਲਾ ਸਾਹਿਬ ਦੇ ਇਕ ਥਾਣੇਦਾਰ ਨਾਲ ਚੌਂਕੀ ਇੰਚਾਰਜ ਦੀ ਬਹਿਸ ਵੀ ਹੋਈ।
ਬਾਕਸ-
ਕਾਜੀਕੋਟ ਪਿੰਡ ’ਚ ਇੱਟਾਂ-ਰੋੜੇ ਚੱਲਣ ਸਬੰਧੀ ਵੀਡੀਓ ਹੋਈ ਵਾਇਰਲ
ਇਸੇ ਤਰ੍ਹਾਂ ਪਿੰਡ ਕਾਜੀਕੋਟ ਕਲਾਂ ’ਚ ਵੀ ਵੋਟਿੰਗ ਦੌਰਾਨ ਇੱਟਾਂ-ਰੋੜੇ ਚੱਲਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਨੂੰ ਬਣਾਉਣ ਵਾਲਾ ਵਿਅਕਤੀ ਜਿਥੇ ਔਰਤਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਗਾ ਰਿਹਾ ਹੈ, ਉਥੇ ਹੀ ਘਰਾਂ ’ਤੇ ਇੱਟਾਂ-ਰੋੜੇ ਮਾਰਨ ਦਾ ਵੀ ਜ਼ਿਕਰ ਕਰਦਾ ਵੀ ਸੁਣਾਈ ਦਿੰਦਾ ਹੈ। ਹਾਲਾਂਕਿ ਇਸ ਪੱਥਰਬਾਜ਼ੀ ਦੌਰਾਨ ਖਬਰ ਲਿਖੇ ਜਾਣ ਤੱਕ ਕਿਸੇ ਦੇ ਜਖਮੀ ਹੋਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਸੀ ਆਈ। ਨਾ ਹੀ ਵੀਡੀਓ ਬਣਾਉਣ ਵਾਲੇ ਵੱਲੋਂ ਆਪਣੀ ਪਾਰਟੀ ਦਾ ਹੀ ਨਾਂ ਲਿਆ ਗਿਆ ਹੈ।