ਤਰਨਾਤਰਨ ਜ਼ਿਲ੍ਹੇ ’ਚ 18 ਥਾਵਾਂ ’ਤੇ ਚਲਾਇਆ ਕਾਸੋ ਆਪ੍ਰੇਸ਼ਨ, ਨਸ਼ੇ ਸਮੇਤ ਅੱਠ ਜਣੇ ਕਾਬੂ
ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਗਈ ਹੈ।
Publish Date: Sat, 17 Jan 2026 08:12 PM (IST)
Updated Date: Sun, 18 Jan 2026 04:19 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿਚ ਜਿਥੇ 800 ਥਾਵਾਂ ’ਤੇ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਉਥੇ ਹੀ ਤਰਨਤਾਰਨ ਜ਼ਿਲ੍ਹੇ ਵਿਚ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਦੀ ਅਗਵਾਈ ਹੇਠ 18 ਥਾਵਾਂ ’ਤੇ ਇਹ ਆਪ੍ਰੇਸ਼ਨ ਚਲਾ ਕੇ ਸ਼ੱਕੀ ਇਲਾਕਿਆਂ ’ਚ ਪੁਲਿਸ ਟੀਮਾਂ ਨੇ ਪੁੱਜ ਕੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਨਾਲ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮਾਂ ਨੇ ਇਸ ਦੌਰਾਨ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜਦੋਂਕਿ ਇਕ ਪੀਓ ਵੀ ਪੁਲਿਸ ਦੇ ਹੱਥ ਲੱਗਾ ਹੈ। ਡੀਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਤਰਨਤਰਨ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਜਿਸ ’ਚ ਜੀਓ ਤੇ ਥਾਣਾ ਮੁਖੀਆਂ ਦੇ ਨਾਲ ਪੁਲਿਸ ਫੋਰਸ ਨੂੰ ਵੱਡੀ ਗਿਣਤੀ ’ਚ ਸ਼ਾਮਲ ਕੀਤਾ ਗਿਆ। ਜ਼ਿਲ੍ਹੇ ’ਚ 18 ਥਾਵਾਂ ਨੂੰ ਕੇਂਦਰ ਕਰ ਕੇ ਪੁਲਿਸ ਅਧਿਕਾਰੀਆਂ ਨੇ ਬਰੀਕੀ ਨਾਲ ਤਲਾਸ਼ੀ ਅਭਿਆਨ ਚਲਾਇਆ ਸੀ, ਜਿਸ ਦੌਰਾਨ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ 132 ਗ੍ਰਾਮ ਹੈਰੋਇਨ ਤੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ ਕੁਝ ਨਸ਼ਾ ਕਰਨ ਵਾਲੇ ਵੀ ਹਨ, ਜਿਨ੍ਹਾਂ ਕੋਲੋਂ ਸਿਲਵਰ ਪੰਨੀਆਂ ਤੇ ਨਸ਼ਾ ਕਰਨ ਵਾਲਾ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਜਦੋਂਕਿ ਵੱਖ-ਵੱਖ ਥਾਣਿਆਂ ’ਚ ਅੱਠ ਮੁਕੱਦਮੇ ਐੱਨਡੀਪੀਐੱਸ ਤੇ ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ ਹਨ। ਡੀਆਈਜੀ ਨੇ ਦੱਸਿਆ ਕਿ ਇਕ ਮੈਗਜ਼ੀਨ ਵੀ ਹੱਥ ਲੱਗਾ ਹੈ ਤੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡੀਆਈਜੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਭਰ ’ਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਸੀ ਤੇ ਅਜਿਹੇ ਆਪ੍ਰੇਸ਼ਨ ਅੱਗੇ ਵੀ ਜਾਰੀ ਰਹਿਣਗੇ। ਕਿਉਂਕਿ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਹ ਨਸ਼ੇ ’ਤੇ ਇਕ ਵੱਡਾ ਹੱਲਾ ਹੈ। ਇਸ ਮੌਕੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ’ਚ ਨਸ਼ੇ ਵਿਰੁੱਧ ਵੱਡੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗੀ।