Big News: ਵਿਆਹ ਤੋਂ ਮਨ੍ਹਾ ਕਰਨ ’ਤੇ ਬੱਸ ਸਟੈਂਡ ’ਤੇ ਲੜਕੀ ਦੀ ਗੋਲ਼ੀਆਂ ਮਾਰ ਕੇ ਹੱਤਿਆ, ਬਾਈਕ ਸਵਾਰ ਦੋ ਜਣਿਆਂ ਨੇ ਰਸੂਲਪੁਰ ਅੱਡੇ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਵਿਆਹ ਤੋਂ ਮਨ੍ਹਾ ਕਰਨ ’ਤੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿੰਡ ਬਨਵਾਲੀਪੁਰ ਨਿਵਾਸੀ 26 ਸਾਲਾ ਲੜਕੀ ਨਵਰੂਪ ਕੌਰ ਦੀ ਸ਼ਨਿਚਰਵਾਰ ਦੀ ਸ਼ਾਮ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੂੰ ਮੁਲਜ਼ਮਾਂ ਨੇ ਉਸ ਸਮੇਂ ਅੰਜਾਮ ਦਿੱਤਾ ਜਦ ਨਵਰੂਪ ਕੌਰ ਤਰਨਤਾਰਨ ’ਚ ਸੈਲੂਨ ’ਤੇ ਕੰਮ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਰਸੂਲਪੁਰ ਦੇ ਬੱਸ ਅੱਡੇ ’ਤੇ ਖੜ੍ਹੀ ਹੋ ਕੇ ਆਟੋ ਦੀ ਉਡੀਕ ਕਰ ਰਹੀ ਸੀ।
Publish Date: Sat, 20 Dec 2025 10:19 PM (IST)
Updated Date: Sat, 20 Dec 2025 11:57 PM (IST)
ਜਾਸ, ਤਰਨਤਾਰਨ : ਵਿਆਹ ਤੋਂ ਮਨ੍ਹਾ ਕਰਨ ’ਤੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿੰਡ ਬਨਵਾਲੀਪੁਰ ਨਿਵਾਸੀ 26 ਸਾਲਾ ਲੜਕੀ ਨਵਰੂਪ ਕੌਰ ਦੀ ਸ਼ਨਿਚਰਵਾਰ ਦੀ ਸ਼ਾਮ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੂੰ ਮੁਲਜ਼ਮਾਂ ਨੇ ਉਸ ਸਮੇਂ ਅੰਜਾਮ ਦਿੱਤਾ ਜਦ ਨਵਰੂਪ ਕੌਰ ਤਰਨਤਾਰਨ ’ਚ ਸੈਲੂਨ ’ਤੇ ਕੰਮ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਰਸੂਲਪੁਰ ਦੇ ਬੱਸ ਅੱਡੇ ’ਤੇ ਖੜ੍ਹੀ ਹੋ ਕੇ ਆਟੋ ਦੀ ਉਡੀਕ ਕਰ ਰਹੀ ਸੀ।
ਪੁਲਿਸ ਨੇ ਇਸ ਮਾਮਲੇ ’ਚ ਪਿੰਡ ਬਨਵਾਲੀਪੁਰ ਨਿਵਾਸੀ ਅਰਜੁਨ ਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿੰਡ ਬਨਵਾਲੀਪੁਰ ਨਿਵਾਸੀ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ। ਵੱਡੀ ਧੀ ਨਵਰੂਪ ਕੌਰ ਤਰਨਤਾਰਨ ਦੇ ਇਕ ਸੈਲੂਨ ’ਤੇ ਕੰਮ ਕਰਦੀ ਸੀ। ਉਨ੍ਹਾਂ ਦੇ ਪਿੰਡ ਦਾ ਹੀ ਨੌਜਵਾਨ ਅਰਜੁਨ ਸਿੰਘ ਪੁੱਤਰ ਕਸ਼ਮੀਰ ਸਿੰਘ ਉਨ੍ਹਾਂ ਦੀ ਧੀ ਨਵਰੂਪ ਕੌਰ ’ਤੇ ਵਿਆਹ ਕਰਵਾਉਣ ਲਈ ਦਬਾਅ ਬਣਾਉਂਦਾ ਸੀ। ਨਵਰੂਪ ਕੌਰ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਇਸ ਦੇ ਬਾਵਜੂਦ ਅਰਜੁਨ ਉਨ੍ਹਾਂ ਦੀ ਧੀ ਨੂੰ ਵਿਆਹ ਨਾ ਕਰਨ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਸਬੰਧ ’ਚ ਦੋ ਵਾਰ ਪੰਚਾਇਤ ਵੀ ਬੈਠੀ ਪਰ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਸ਼ਨਿਚਰਵਾਰ ਨੂੰ ਨਵਰੂਪ ਕੌਰ ਰੋਜ਼ ਵਾਂਗ ਸੈਲੂਨ ਤੋਂ ਸ਼ਾਮ ਪੰਜ ਵਜੇ ਘਰ ਲਈ ਰਵਾਨਾ ਹੋਈ। ਕਰੀਬ ਸਾਢੇ ਪੰਜ ਵਜੇ ਨਵਰੂਪ ਕੌਰ ਜੰਮੂ ਕਸ਼ਮੀਰ-ਰਾਜਸਥਾਨ ਰਾਸ਼ਟਰੀ ਮਾਰਗ ਸਥਿਤ ਪਿੰਡ ਰਸੂਲਪੁਰ ਦੇ ਅੱਡੇ ’ਤੇ ਬੱਸ ਤੋਂ ਉਤਰੀ। ਉਹ ਉਥੇ ਪਿੰਡ ਲਈ ਆਟੋ ਦੀ ਉਡੀਕ ਕਰ ਰਹੀ ਸੀ। ਇਸ ਵਿਚਾਲੇ ਉਥੇ ਅਰਜੁਨ ਸਿੰਘ ਆਪਣੇ ਸਾਥੀ ਸਮੇਤ ਬਾਈਕ ’ਤੇ ਪੁੱਜਾ ਤੇ ਆਉਂਦੇ ਹੀ ਉਸ ਨੇ ਨਵਰੂਪ ਕੌਰ ’ਤੇ ਫਾਇਰਿੰਗ ਕਰ ਦਿੱਤੀ। ਦੋ ਗੋਲ਼ੀਆਂ ਲੱਗਣ ਨਾਲ ਨਵਰੂਪ ਉਥੇ ਡਿੱਗ ਪਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਸੂਚਨਾ ਮਿਲਦੇ ਹੀ ਡੀਐੱਸਪੀ ਅਤੁਲ ਸੋਨੀ ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਨਾਲ ਹੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।