ਭਿੱਖੀਵਿੰਡ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ, ਅਕਾਲੀ ਆਗੂਆਂ ਦਿੱਤਾ ਧਰਨਾ
ਐੱਸਐੱਸਪੀ ਸੁਰੇਂਦਰ ਲਾਂਬਾ ਖੁਦ ਧਰਨੇ ਵਾਲੀ ਥਾਂ ਪਹੁੰਚੇ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦਿੱਤੇ ਜਾਣਗੇ ਜਿਸ ਮਗਰੋਂ ਧਰਨਾ ਚੁੱਕਿਆ ਗਿਆ।
Publish Date: Wed, 03 Dec 2025 07:19 PM (IST)
Updated Date: Thu, 04 Dec 2025 04:08 AM (IST)

ਰਾਜਨ ਚੋਪੜਾ,•ਪੰਜਾਬੀ ਜਾਗਰਣ, ਭਿੱਖੀਵਿੰਡ: ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀ ਫਾਈਲਾਂ ਪਾੜ ਦੇਣ ਨੂੰ ਲੈ ਕੇ ਮਾਮਲਾ ਉਸ ਵੇਲੇ ਭਖ ਗਿਆ ਜਦੋਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਭਿੱਖੀਵਿੰਡ ਦੇ ਚੌਕ ’ਚ ਧਰਨਾ ਦੇ ਦਿੱਤਾ। ਰੋਸ ਧਰਨੇ ’ਚ ਪਾਰਟੀ ਵਰਕਰਾਂ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸਦ ਚੋਣਾਂ ’ਚ ਲੋਕਤੰਤਰ ਦੀ ਰਾਖੀ ਵਾਸਤੇ ਪਾਰਟੀ ਵਰਕਰਾਂ ਦੇ ਨਾਲ ਹਨ ਤੇ ਹਮੇਸ਼ਾ ਮੋਹਰੀ ਹੋ ਕੇ ਲੜਨਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਭ੍ਰਿਸ਼ਟ ਤੇ ਫੇਲ੍ਹ ਹੋਈ ਸਰਕਾਰ ਨੂੰ ਕਿਸੇ ਵੀ ਕੀਮਤ ’ਤੇ ਲੋਕਤੰਤਰ ਦਾ ਕਤਲ ਨਹੀਂ ਕਰਨ ਦਿਆਂਗੇ। ਉਹਨਾਂ ਮੌਕੇ ’ਤੇ ਸੂਬਾ ਚੋਣ ਕਮਿਸ਼ਨ ਨੂੰ ਫੋਨ ਵੀ ਕੀਤਾ ਅਤੇ ਦੱਸਿਆ ਕਿ ਅਕਾਲੀ ਦਲ ਕੋਲ ਇਸ ਗੱਲ ਦੇ ਵੀਡੀਓ ਸਬੂਤ ਮੌਜੂਦ ਹਨ ਕਿ ਆਪ ਆਗੂ ਪੁਲਿਸ ਦੀ ਮਦਦ ਨਾਲ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਰਹੇ ਹਨ। ਇਸ ਮੌਕੇ ਐੱਸਐੱਸਪੀ ਸੁਰੇਂਦਰ ਲਾਂਬਾ ਖੁਦ ਧਰਨੇ ਵਾਲੀ ਥਾਂ ਪਹੁੰਚੇ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦਿੱਤੇ ਜਾਣਗੇ ਜਿਸ ਮਗਰੋਂ ਧਰਨਾ ਚੁੱਕਿਆ ਗਿਆ। ਸੁਖਬੀਰ ਬਾਦਲ ਨੇ ਸੂਬੇ ਭਰ ਵਿਚ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਫਿਰ ਉਹ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ। ਉਨ੍ਹਾਂ ਨੇ ਸਿਵਲ ਅਫਸਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਾਸਤੇ ਇਕਪਾਸੜ ਰਵੱਈਏ ਵਜੋਂ ਕੰਮ ਨਾ ਕਰਨ ਅਤੇ ਕਿਹਾ ਕਿ ਕਾਨੂੰਨ ਮੁਤਾਬਕ ਤੁਹਾਨੂੰ ਤੁਹਾਡੇ ਗੁਨਾਹਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਪੱਟੀ ਵਿਖੇ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕੀਤਾ ਅਤੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਪਾਰਟੀ ਵਰਕਰਾਂ ਦੇ ਨਾਲ ਵੀ ਗਏ ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਧੱਕੇਸ਼ਾਹੀ ਕਰ ਰਹੀ ਹੈ। ਕਿਉਂਕਿ ਇਸਨੂੰ ਡਰ ਹੈ ਕੇ ਲੋਕ ਇਸਨੂੰ ਹਰਾ ਦੇਣਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੱਤਾ ਵਿਚ ਸਿਰਫ ਇਕ ਸਾਲ ਬਾਕੀ ਰਹਿ ਗਿਆ ਹੈ। ਜਦੋਂਕਿ ਉਹ ਇਨਵੈਸਟ ਪੰਜਾਬ ਦੇ ਮਾਮਲੇ ਵਿਚ ਜਪਾਨ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਹਾਸ ਰਸ ਕਲਾਕਾਰ ਕਪਿਲ ਸ਼ਰਮਾ ਨੂੰ ਇਸ ਪ੍ਰੋਗਰਾਮ ਵਾਸਤੇ ਸੱਦਿਆ ਗਿਆ ਸੀ ਤੇ ਪ੍ਰੋਗਰਾਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਅਹੁਦੇ ਦੀ ਗਰਿਮਾ ਬਣਾ ਕੇ ਰੱਖਣ ਅਤੇ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਨਸ਼ੇ ਦੀ ਹਾਲਤ ਵਿਚ ਜਹਾਜ਼ ਵਿੱਚੋਂ ਹੇਠਾਂ ਲਾਹੁਣ ਵਰਗੀ ਘਟਨਾ ਵਾਪਰੀ ਸੀ। ਇਸ ਮੌਕੇ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਜਿਥੇ ਵਰਕਰਾਂ ਵਿਚ ਜੋਸ਼ ਭਰਦੇ ਦਿਖਾਈ ਦਿੱਤੇ। ਉਤੇ ਹੀ ਪੁਲਿਸ ਪ੍ਰਸ਼ਾਸਨ ਟਕਰਾਅ ਦੀ ਸਥਿਤੀ ਨਾਲ ਨਿਪਟਣ ਲਈ ਤਾਇਨਾਤ ਦਿਖਾਈ ਦਿੱਤਾ। ----- ਆਪ ਤੇ ਅਕਾਲੀ ਵਰਕਰਾਂ ਦੇ ਭਿੜਨ ਦੀਆਂ ਵੀਡੀਓ ਵਾਇਰਲ ਭਿੱਖੀਵਿੰਡ ਚੌਂਕ ਵਿਚ ਬੁੱਧਵਾਰ ਨੂੰ ਵਾਪਰੇ ਘਟਨਾਕ੍ਰਮ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿਚ ਨਾਮਜ਼ਦਗੀ ਪੱਤਰਾਂ ਵਾਲੀਆਂ ਫਾਈਲਾਂ ਨੂੰ ਖੋਹਣ ਅਤੇ ਕੁੱਟਮਾਰ ਕਰਦਿਆਂ ਦੇ ਦ੍ਰਿਸ਼ ਵੀ ਦਿਖਾਈ ਦੇ ਰਹੇ ਹਨ। ਜਦੋਂਕਿ ਪੁਲਿਸ ਪ੍ਰਸ਼ਾਸਨ ਦੋਵਾਂ ਧਿਰਾਂ ਵਿਚ ਹੋ ਰਹੇ ਟਕਰਾਅ ਨੂੰ ਰੋਕਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਈ ਨੌਜਵਾਨ ਮੂੰਹ ਸਿਰ ਲਪੇਟੇ ਹੋਏ ਭੀੜ ਵਿਚ ਸ਼ਾਮਲ ਹਨ।