ਕੈਰੋਂ ਪਰਿਵਾਰ ਦੀ ਚੌਥੀ ਪੀੜ੍ਹੀ ਰਾਜਨੀਤੀ 'ਚ ਉਤਰਨ ਲਈ ਤਿਆਰ, ਪਿਤਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਪ੍ਰਚਾਰ ਕਰਨਗੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ
ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣ ਉਨ੍ਹਾਂ ਦੇ ਬੇਟੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਬੁੱਧਵਾਰ ਤੋਂ ਪੱਟੀ ਹਲਕੇ ਦੀ ਕਮਾਨ ਸੰਭਾਲਣਗੇ। ਉਹ ਇੱਥੇ ਪ੍ਰਚਾਰ ਕਰੇਗਾ।
Publish Date: Wed, 15 Sep 2021 11:51 AM (IST)
Updated Date: Wed, 15 Sep 2021 12:39 PM (IST)
ਸਟਾਫ ਰਿਪੋਰਟਰ, ਤਰਨਤਾਰਨ : ਵੱਡੇ ਪੰਜਾਬ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਤਾਪ ਸਿੰਘ ਕੈਰੋਂ ਦੀ ਚੌਥੀ ਪੀੜ੍ਹੀ ਵੀ ਹੁਣ ਰਾਜਨੀਤੀ ਚ ਉਤਰਨ ਲਈ ਤਿਆਰ ਹੈ। ਤਿੰਨ ਵਾਰ ਪੰਜਾਬ ਦੇ ਮੰਤਰੀ ਅਤੇ ਚਾਰ ਵਾਰ ਵਿਧਾਇਕ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਪੁੱਤਰ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਹੁਣ ਪਿਤਾ ਲਈ ਪੱਟੀ ਹਲਕੇ ਚ ਪ੍ਰਚਾਰ ਕਰਦੇ ਨਜ਼ਰ ਆਉਣਗੇ। ਅਮਰੀਕਾ ਅਤੇ ਇੰਗਲੈਂਡ ਤੋਂ ਉੱਚ ਪੱਧਰੀ ਪੜ੍ਹਾਈ ਕਰਕੇ ਪੱਟੀ ਪਹੁੰਚ ਰਹੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਦੇ ਪਿਤਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੱਟੀ ਹਲਕੇ ਤੋਂ ਚਾਰ ਵਾਰ ਵਿਧਾਇਕ ਬਣੇ ਹਨ ਲੰਘੀਆਂ ਚੋਣਾਂ ਦੌਰਾਨ ਉਹ ਹਰਿਮੰਦਰ ਸਿੰਘ ਗਿੱਲ ਕੋਲੋਂ ਹਾਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਦੋ ਦਿਨ ਪਹਿਲਾਂ ਪੱਟੀ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਕਰਨ ਅਤੇ ਸਰਗਰਮ ਰਾਜਨੀਤੀ ਵਿੱਚ ਉਤਰਨ ਲਈ ਅੱਜ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਪੱਟੀ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਯੂਥ ਵਿੰਗ ਦੀ ਕਮਾਂਡ ਪੱਟੀ ਹਲਕੇ ਵਿੱਚ ਸੰਭਾਲਣਗੇ ਤਾਂ ਜੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।