ਜ਼ਿਲ੍ਹਾ ਪ੍ਰੀਸ਼ਦ ਦੇ 20 'ਚੋਂ 9 ਜ਼ੋਨਾਂ ’ਤੇ ਆਪ ਦੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ, ਖਡੂਰ ਸਾਹਿਬ ਜ਼ੋਨ ਤੋਂ ਸਾਰੀਆਂ ਨਾਮਜ਼ਦਗੀਆਂ ਰੱਦ, 10 ਜ਼ੋਨਾਂ ਲਈ ਬਚੇ 32 ਉਮੀਦਵਾਰ
ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ 20 ਜੋਨਾਂ ਲਈ ਹੋਈਆਂ 72 ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 31 ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਜਿਸਦੇ ਚੱਲਦਿਆਂ 9 ਜੋਨਾਂ ਵਿਚ ਜਿਥੇ ਆਪ ਦੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਹੋ ਗਏ ਹਨ। ਉਥੇ ਹੀ ਖਡੂਰ ਸਾਹਿਬ ਜੋਨ ’ਚ ਦਾਖਲ ਸਾਰੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਇਸਦੀ ਚੋਣ ਟਲ ਗਈ ਹੈ।
Publish Date: Fri, 05 Dec 2025 09:53 PM (IST)
Updated Date: Fri, 05 Dec 2025 09:55 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਦੇ 20 ਜੋਨਾਂ ਲਈ ਹੋਈਆਂ 72 ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 31 ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਜਿਸਦੇ ਚੱਲਦਿਆਂ 9 ਜੋਨਾਂ ਵਿਚ ਜਿਥੇ ਆਪ ਦੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਹੋ ਗਏ ਹਨ। ਉਥੇ ਹੀ ਖਡੂਰ ਸਾਹਿਬ ਜੋਨ ’ਚ ਦਾਖਲ ਸਾਰੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਇਸਦੀ ਚੋਣ ਟਲ ਗਈ ਹੈ। ਹਾਲਾਂਕਿ ਬਾਕੀ ਰਹਿੰਦੇ ਦਸ ਜੋਨਾਂ ਵਿਚ 32 ਉਮੀਦਵਾਰ ਚੋਣ ਲੜਨ ਜਾ ਰਹੇ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਮੁੰਡਾਵਿੰਡ, ਪੱਖੋਕੇ, ਘਰਿਆਲਾ, ਮਹਿਮੂਦਪੁਰਾ, ਮਾੜੀਮੇਘਾ, ਗੱਗੋਬੂਆ, ਕਸੇਲ, ਅੱਡਾ ਝਬਾਲ ਅਤੇ ਪਲਾਸੌਰ ਵਿਚ ਇਕ ਇਕ ਉਮੀਦਵਾਰ ਦੀ ਨਾਮਜ਼ਦਗੀ ਹੀ ਯੋਗ ਪਾਈ ਗਈ। ਜਿਸਦੇ ਚੱਲਦਿਆਂ ਇਹ ਜੋਨ ਸੱਤਾਧਾਰੀ ਪਾਰਟੀ ਬਿਨਾ ਮੁਕਾਬਲਾ ਜਿੱਤ ਗਈ ਹੈ। ਇਸ ਤੋਂ ਇਲਾਵਾ ਖਡੂਰ ਸਾਹਿਬ ਜੋਨ ਲਈ ਦਾਖਲ ਹੋਈਆਂ ਪੰਜ ਦੀਆਂ ਪੰਜ ਨਾਮਜ਼ਦਗੀਆਂ ਅਯੋਗ ਪਾਏ ਜਾਣ ਕਰਕੇ ਇਸ ਜੋਨ ਦੀ ਚੋਣ ਹੁਣ 14 ਦਸੰਬਰ ਨੂੰ ਨਾ ਹੋਣ ਦਾ ਖਦਸ਼ਾ ਹੈ। ਜਦੋਂਕਿ ਬਾਕੀ ਬਚੇ ਜੋਨਾਂ ਭਲਾਈਪੁਰ ਡੋਗਰਾਂ, ਗੋਇੰਦਵਾਲ ਸਾਹਿਬ, ਸਰਹਾਲੀ ਕਲਾਂ, ਨੌਸ਼ਹਿਰਾ ਪਨੂੰਆਂ, ਸ਼ੇਰੋਂ, ਮਾਣੋਚਾਹਲ ਕਲਾਂ, ਕੈਰੋਂ, ਸਭਰਾ, ਵਲਟੋਹਾ ਅਤੇ ਸੁਰਸਿੰਘ ਲਈ 14 ਦਸੰਬਰ ਨੂੰ ਵੋਟਾਂ ਪੈਣ ਦਾ ਕੰਮ ਹੋਵੇਗਾ। 9 ਜੋਨਾਂ ਵਿਚ ਇਕੱਲੇ ਇਕੱਲੇ ਉਮੀਦਵਾਰ ਬਚੇ ਹੋਣ ਕਾਰਨ ਉਨ੍ਹਾਂ ਨੂੰ ਜੇਤੂ ਮੰਨੇ ਜਾਣ ਤੋਂ ਬਾਅਦ ਹੁਣ ਬਾਕੀ ਦੇ ਦਸ ਜੋਨਾਂ ਵਿਚ 32 ਉਮੀਦਵਾਰਾਂ ਲੋਈ ਲੋਕ ਵੋਟ ਪਾਉਣਗੇ। ਜਿਨ੍ਹਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ। ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਏਡੀਸੀ ਵਿਕਾਸ ਸੰਜੀਵ ਕੁਮਾਰ ਨੇ ਦੱਸਿਆ ਕਿ ਯੋਗ ਅਤੇ ਅਯੋਗ ਕਰਾਰ ਦਿੱਤੇ ਗਏ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।