ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਪਹੂਵਿੰਡ ਤਕ ਸਜਾਇਆ ਅਲੌਕਿਕ ਨਗਰ ਕੀਰਤਨ
ਵੱਖ-ਵੱਖ ਪੜਾਵਾਂ ’ਤੇ ਨਗਰ ਕੀਰਤਨ ਪਹੁੰਚਣ ਮੌਕੇ ਵੱਡੀ ਗਿਣਤੀ ਸੰਗਤ ਨੇ ਭਰਵਾਂ ਸਵਾਗਤ ਕੀਤਾ। ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ
Publish Date: Sun, 25 Jan 2026 07:52 PM (IST)
Updated Date: Mon, 26 Jan 2026 04:16 AM (IST)

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਪ੍ਰਕਰਮਾ ਜਲ ਸੇਵਾ ਸੁਸਾਇਟੀ ਤਰਨਤਾਰਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਤੱਕ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ’ਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਜਦੋਂਕਿ ਰਸਤੇ ’ਚ ਵੱਖ-ਵੱਖ ਥਾਵਾਂ ’ਤੇ ਇਕੱਤਰ ਸੰਗਤ ਨੇ ਗੁਰੂ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਤੇ ਸ਼ਾਮਲ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵਰਤਾਏ। ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਇਹ ਨਗਰ ਕੀਰਤਨ ਤਰਨਤਾਰਨ ਤੋਂ ਆਰੰਭ ਹੋ ਕੇ ਪਲਾਸੌਰ, ਡਾਲੇਕੇ, ਮਾਣੋਚਾਹਲ, ਸ਼ਾਹਬਾਜਪੁਰ, ਦਿਆਲਪੁਰਾ, ਭਿੰਖੀਵਿੰਡ ਤੋਂ ਹੁੰਦਾ ਹੋਇਆ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਪਹੁੰਚਿਆ। ਵੱਖ-ਵੱਖ ਪੜਾਵਾਂ ’ਤੇ ਨਗਰ ਕੀਰਤਨ ਪਹੁੰਚਣ ਮੌਕੇ ਵੱਡੀ ਗਿਣਤੀ ਸੰਗਤ ਨੇ ਭਰਵਾਂ ਸਵਾਗਤ ਕੀਤਾ। ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਪਾਲਕੀ ਅੱਗੇ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਝਾੜੂ ਦੀ ਸੇਵਾ ਕੀਤੀ। ਵੱਖ-ਵੱਖ ਪੜਾਵਾਂ ’ਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਫੌਜੀ ਬੈਂਡ ਵਾਲਿਆਂ ਵੱਲੋਂ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਜਦੋਂਕਿ ਵੱਡੀ ਗਿਣਤੀ ’ਚ ਸੰਗਤ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰ ਟਰਾਲੀਆਂ ਅਤੇ ਬੱਸਾਂ ਆਦਿ ਲੈ ਕੇ ਨਗਰ ਕੀਰਤਨ ’ਚ ਸ਼ਾਮਲ ਹੋਈ। ਇਸ ਮੌਕੇ ਹੈੱਡ ਗ੍ਰੰਥੀ ਸਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ, ਤਲਵਿੰਦਰ ਸਿੰਘ ਪ੍ਰਧਾਨ ਪ੍ਰਕਰਮਾ ਜਲ ਸੇਵਾ ਸੁਸਾਇਟੀ, ਦਿਲਬਾਗ਼ ਸਿੰਘ, ਮਨਜਿੰਦਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ, ਬਲਕਾਰ ਸਿੰਘ, ਲਵਪ੍ਰੀਤ ਸਿੰਘ, ਪ੍ਰੀਤਪਾਲ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਭਜਨ ਸਿੰਘ, ਸੁੱਚਾ ਸਿੰਘ ਕੱਕਾ ਕੰਡਿਆਲਾ ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਰਹੀ।