ਬਾਕੀਪੁਰ ਪਿੰਡ ਦੇ ਗੋਲੀਕਾਂਡ ਦਾ ਮਾਮਲਾ, ਪੁਲਿਸ ਨੇ ਦੋ ਜਣੇ ਕੀਤੇ ਗ੍ਰਿਫ਼ਤਾਰ
ਬਾਕੀਪੁਰ ਪਿੰਡ ਦੇ ਗੋਲੀਕਾਂਡ ਦਾ ਮਾਮਲਾ, ਪੁਲਿਸ ਨੇ ਦੋ ਜਣੇ ਕੀਤੇ ਗ੍ਰਿਫਤਾਰ
Publish Date: Fri, 30 Jan 2026 09:18 PM (IST)
Updated Date: Fri, 30 Jan 2026 09:22 PM (IST)

- ਡੀਐੱਸਪੀ ਦੀ ਅਗਵਾਈ ਹੇਠ ਬਣਾਈਆਂ ਚਾਰ ਟੀਮਾਂ ਕਰ ਰਹੀਆਂ ਨੇ ਛਾਪੇਮਾਰੀ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪਿੰਡ ਬਾਕੀਪੁਰ ’ਚ ਵੀਰਵਾਰ ਨੂੰ ਹੋਏ ਗੋਲੀਕਾਂਡ, ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਡੇਢ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜਦੋਂਕਿ ਕੇਸ ਵਿਚ ਸ਼ਾਮਲ ਬਾਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਡੀਐੱਸਪੀ ਗੋਇੰਦਵਾਲ ਸਾਹਿਬ ਦੀ ਅਗਵਾਈ ਹੇਠ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਹਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਸੁਰਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਭਰਾ ਰਾਣਾ ਸਿੰਘ (22) ਪੁੱਤਰ ਜਸਬੀਰ ਸਿੰਘ ਤੇ ਉਸ ਦਾ ਦੋਸਤ ਸਾਜਨਪ੍ਰੀਤ ਸਿੰਘ ਪੁੱਤਰ ਪ੍ਰਭਜੀਤ ਸਿੰਘ ਵਾਸੀ ਸੁਰਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਾਕੀਪੁਰ ਗਏ ਸੀ। ਜਦੋਂ ਉਹ ਸੁਰਸਿੰਘ ਵਾਪਸ ਜਾਣ ਲੱਗੇ ਤਾਂ ਪਿੰਡ ਦੀ ਫਿਰਨੀ ’ਤੇ ਹੀ ਦੋ ਕਾਰਾਂ ਤੇ ਮੋਟਰਸਾਈਕਲਾਂ ’ਤੇ ਸਵਾਰ ਪ੍ਰਿੰਸਪਾਲ ਸਿੰਘ ਵੰਸ਼ ਪੁੱਤਰ ਨਾਨਕ ਸਿੰਘ, ਹੁਸਨਪ੍ਰੀਤ ਸਿੰਘ ਹੁਸਨ ਪੁੱਤਰ ਸਰਵਨ ਸਿੰਘ, ਸੂਰਜ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਅਰਸ਼ ਸਿੰਘ ਸਾਰੇ ਵਾਸੀ ਬਾਕੀਪੁਰ ਤੋਂ ਇਲਾਵਾ 13 ਦੇ ਕਰੀਬ ਅਣਪਛਾਤੇ ਨੌਜਵਾਨ ਜੋ ਪਿਸਤੌਲਾਂ ਤੇ ਰਾਈਫਲਾਂ ਨਾਲ ਲੈਸ ਸਨ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਉਹ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਸੁੱਟ ਕੇ ਦੌੜੇ ਅਤੇ ਗਲੀ ਵਿਚ ਵੜ ਗਏ, ਜਿੱਥੇ ਪਿੱਛਾ ਕਰ ਕੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਰਾਣਾ ਸਿੰਘ ਨਾਲ ਗਾਲੀ-ਗਲੋਚ ਕਰਦਿਆਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਰਾਣਾ ਸਿੰਘ ਦੀ ਛਾਤੀ ’ਚ ਲੱਗੀ ਅਤੇ ਉਸ ਦੀ ਮੌਤ ਹੋ ਗਈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਉਕਤ ਫਾਇਰਿੰਗ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਸੀ। ਜਿਸ ਤੋਂ ਬਾਅਦ ਦੋ ਹੋਰ ਲੋਕਾਂ ਦੀ ਪਛਾਣ ਕਰ ਕੇ ਪਰਿਵਾਰ ਦੇ ਬਿਆਨਾਂ ’ਤੇ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਨਿਗਰਾਨੀ ਹੇਠ ਚਾਰ ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿਚ ਸੀਆਈਏ ਸਟਾਫ ਦੀ ਟੀਮ ਵੀ ਸ਼ਾਮਲ ਹੈ। ਇਨ੍ਹਾਂ ਟੀਮਾਂ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਵਿਚ ਪਹਿਲਾਂ ਵੀ ਝਗੜਾ ਹੋਇਆ ਸੀ, ਜਿਸ ਸਬੰਧੀ ਰਾਜਨੀਮਾ ਵੀ ਹੋਇਆ। ਪਰ ਵੀਰਵਾਰ ਨੂੰ ਦੋਵਾਂ ਧਿਰਾਂ ਨੇ ਇਕ-ਦੂਸਰੇ ਨਾਲ ਟਾਈਮ ਮਿੱਥਿਆ ਸੀ। ਜਿਸ ਦੌਰਾਨ ਇਹ ਫਾਇਰਿੰਗ ਦਾ ਮਾਮਲਾ ਹੋਇਆ ਅਤੇ ਰਾਣਾ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।