ਅਪਰਾਧੀਆਂ ਦੀ ਸਰਗਰਮੀ ਰੋਕਣ ਲਈ ਪੁਲਿਸ ਨੇ ਜ਼ਿਲ੍ਹੇ ’ਚ ਲਾਏ 32 ਸਪੈਸ਼ਲ ਨਾਕੇ
ਅਪਰਾਧੀਆਂ ਦੀ ਗਤੀਵਿਧੀ ਰੋਕਣ ਲਈ ਪੁਲਿਸ ਨੇ ਜ਼ਿਲ੍ਹੇ ’ਚ ਲਗਾਏ ਨੇ 32 ਸਪੈਸ਼ਲ ਨਾਕੇ
Publish Date: Fri, 30 Jan 2026 09:08 PM (IST)
Updated Date: Fri, 30 Jan 2026 09:10 PM (IST)

- ਨਾਕਿਆਂ ’ਤੇ ਤਾਇਨਾਤ 200 ਤੋਂ ਵੱਧ ਕਰਮਚਾਰੀਆਂ ਨੇ ਕੀਤੀ ਵਾਹਨਾਂ ਦੀ ਚੈਕਿੰਗ - ਦੇਰ ਰਾਤ ਤਕ ਐੱਸਐੱਸਪੀ ਨੇ ਲਿਆ ਪੁਲਿਸ ਨਾਕਿਆਂ ਦਾ ਜਾਇਜ਼ਾ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸਪੈਸ਼ਲ ਨਾਕੇਬੰਦੀ ਦੀ ਮੁਹਿੰਮ ਤਹਿਤ ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹੇ ਭਰ ਵਿਚ 32 ਨਾਕੇ ਲਾਏ। ਜਿਨ੍ਹਾਂ ਉੱਪਰ 200 ਤੋਂ ਵੱਧ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਸੰਗਠਤ ਅਪਰਾਧ ਵਿਰੁੱਧ ਚੱਲ ਰਹੀ ਪੁਲਿਸ ਦੀ ਮੁਹਿੰਮ ਕਾਰਨ ਅਪਰਾਧੀਆਂ ਦੀਆਂ ਸਰਗਰਮੀਆਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਨਾਕਿਆਂ ’ਤੇ ਕਰਮਚਾਰੀਆਂ ਨੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਕਈ ਵਾਹਨਾਂ ਨੂੰ ਬਰੀਕੀ ਨਾਲ ਵੀ ਜਾਂਚਿਆ ਗਿਆ। ਜਾਇਜ਼ਾ ਲੈਣ ਲਈ ਦੇਰ ਰਾਤ ਨਾਕੇ ’ਤੇ ਪੁੱਜੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਪੈਸ਼ਲ ਨਾਕੇਬੰਦੀ ਦੀ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ 32 ਨਾਕੇ ਲਾਏ ਗਏ ਹਨ। ਜਿਨ੍ਹਾਂ ਉੱਪਰ 200 ਤੋਂ ਵੱਧ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਡੀਐੱਸਪੀਜ਼, ਥਾਣਿਆਂ ਦੇ ਐੱਸਐੱਚਓ ਅਤੇ ਚੌਕੀ ਇੰਚਾਰਜ ਇਨ੍ਹਾਂ ਨਾਕਿਆਂ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਕਿਆਂ ਦਾ ਮੰਤਵ ਅਪਰਾਧੀਆਂ ਦੀਆਂ ਸਰਗਰਮੀਆਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਹਥਿਆਰ, ਨਸ਼ਾ ਆਦਿ ਲੈ ਕੇ ਚੱਲਣ ਵਾਲੇ ਅਨਸਰ ਅਤੇ ਗੈਂਗਸਟਰਾਂ ਦੀ ਇੱਕ ਤੋਂ ਦੂਜੇ ਜ਼ਿਲ੍ਹੇ ਵਿਚ ਹੋਣ ਵਾਲੀ ਮੂਵਮੈਂਟ ਨੂੰ ਰੋਕਣ ਲਈ ਵੀ ਇਹ ਨਾਕੇ ਕੰਮ ਕਰ ਰਹੇ ਹਨ। ਜਿਸ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸ਼ੱਕੀ ਲੱਗਦਾ ਹੈ ਤਾਂ ਉਸ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਵੇਲੇ ਸੰਗਠਤ ਅਪਰਾਧ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਗੈਂਗਸਟਰਾਂ ’ਤੇ ਵਾਰ ਮੁਹਿੰਮ ਅਧੀਨ ਪਿਛਲੇ ਦਿਨਾਂ ’ਚ ਸੈਂਕੜੇ ਲੋਕਾਂ ਨੂੰ ਕਾਬੂ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਤ ਦੀ ਨਾਕੇਬੰਦੀ ਤੋਂ ਇਲਾਵਾ ਸਵੇਰੇ ਅਤੇ ਦੁਪਹਿਰੇ ਵੀ ਨਾਕੇਬੰਦੀ ਕੀਤੀ ਜਾਂਦੀ ਹੈ ਅਤੇ ਪੀਸੀਆਰ ਮੂਵਮੈਂਟ ਨੂੰ ਵੀ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਸੋ ਆਪ੍ਰੇਸ਼ਨ ਦੇ ਨਾਲ-ਨਾਲ ਗਸ਼ਤੀ ਟੁਕੜੀਆਂ ਵੱਲੋਂ ਵੀ ਅਚਾਨਕ ਚੈਕਿੰਗ ਕਰ ਕੇ ਨਸ਼ੇ ਤੇ ਸੰਗਠਤ ਅਪਰਾਧ ਨੂੰ ਰੋਕਣ ਲਈ ਕਾਰਵਾਈ ਚੱਲ ਰਹੀ ਹੈ। ਸੋਸ਼ਲ ਮੀਡੀਆ ਉੱਪਰ ਲੱਖਾਂ ਨੌਜਵਾਨਾਂ ਨੂੰ ਮਾਰਨ ਵਰਗੀਆਂ ਪੋਸਟਾਂ ਬਾਰੇ ਪੁੱਛੇ ਗਏ ਸਵਾਲ ’ਤੇ ਐੱਸਐੱਸਪੀ ਨੇ ਕਿਹਾ ਕਿ ਇਹ ਸਭ ਕੁਝ ਫੇਕ ਹੈ ਅਤੇ ਅਜਿਹੀਆਂ ਅਫਵਾਹਾਂ ’ਤੇ ਲੋਕ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਕਾਰਵਾਈ ਵੀ ਕੀਤੀ ਜਾਵੇਗੀ। ਐੱਸਐੱਸਪੀ ਲਾਂਬਾ ਨੇ ਕਿਹਾ ਕਿ ਪੁਲਿਸ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਦੀ ਹੈ ਅਤੇ ਕਾਨੂੰਨ, ਅਦਾਲਤਾਂ ਅਤੇ ਲੋਕਾਂ ਲਈ ਵੀ ਪੁਲਿਸ ਜਵਾਬਦੇਹ ਹੈ। ਇਸ ਲਈ ਅਜਿਹੀਆਂ ਪੋਸਟਾਂ ਨੂੰ ਅੱਖੋਂ ਪਰੋਖੇ ਕੀਤਾ ਜਾਵੇ। ਮੌਜੂਦਾ ਸਮੇਂ ’ਚ ਪੁਲਿਸ ਸੰਗਠਤ ਅਪਰਾਧ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਐੱਸਪੀ ਹੈੱਡ ਕੁਆਰਟਰ ਸੁਖਮਿੰਦਰ ਸਿੰਘ, ਡੀਐੱਸਪੀ ਸਬ ਡਵੀਜਨ ਤਰਨਤਾਰਨ ਸੁਖਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ।