ਨਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹ ਰਹੇ ਹਨ ਤਰਨਤਾਰਨ ਦੇ ਮੁੱਖ ਬਜਾਰ

- ਦੁਕਾਨਦਾਰਾਂ ਦਾ ਹੱਦ ਤੋਂ ਬਾਹਰ ਰੱਖਿਆ ਸਾਮਾਨ ਕਰਦਾ ਹੈ ਬਾਜ਼ਾਰ ਤੰਗ
ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ
ਤਰਨਤਾਰਨ : ਸ਼ਹਿਰ ਦੇ ਬਾਜ਼ਾਰਾਂ ਅਤੇ ਮੁੱਖ ਸੜਕ ਉੱਪਰ ਦੁਕਾਨਦਾਰਾਂ ਵੱਲੋਂ ਹੱਦ ਤੋਂ ਬਾਹਰ ਸਾਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ। ਬਾਜ਼ਾਰਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਇੱਥੋਂ ਦੋ ਪਹੀਆ ਵਾਹਨ ਬਰਾਬਰ ’ਤੇ ਵੀ ਲੰਘ ਨਹੀਂ ਸਕਦੇ। ਜਦੋਂਕਿ ਲੋਕਾਂ ਨੂੰ ਪਰੇਸ਼ਾਨ ਹੁੰਦਾ ਵੇਖ ਕੇ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਹਾਲਤ ਸੁਧਾਰਨ ਦੀ ਖੇਚਲ ਨਹੀਂ ਕਰਦੇ। ਹਾਲਾਂਕਿ ਇਹ ਮਾਮਲਾ ਕਈ ਵਾਰ ਸੁਰਖੀਆਂ ਵਿਚ ਆਉਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ।
ਦੱਸ ਦਈਏ ਕਿ ਤਰਨਤਾਰਨ ਪੁਰਾਤਣ ਸ਼ਹਿਰ ਹੈ ਅਤੇ ਇੱਥੋਂ ਦੇ ਬਾਜ਼ਾਰਾਂ ਦੀ ਦਿੱਖ ਵੀ ਪੁਰਾਤਣ ਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਦਰਸ਼ਨੀ ਡਿਓਢੀ ਕੋਲ ਪਹੁੰਚਦੇ ਹਨ। ਜਦੋਂਕਿ ਮੁੱਖ ਦੁਕਾਨਾਂ ਵੀ ਇਨ੍ਹਾਂ ਬਾਜ਼ਾਰਾਂ ਵਿਚ ਹੋਣ ਕਰ ਕੇ ਭਾਰੀ ਆਵਾਜਾਈ ਇੱਥੇ ਰਹਿੰਦੀ ਹੈ। ਪਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਦਾ ਸਾਮਾਨ ਹੱਦ ਤੋਂ ਬਾਹਰ ਕਈ ਫੁੱਟ ਤਕ ਵਧਾ ਕੇ ਲਾਇਆ ਜਾਂਦਾ ਹੈ। ਜਿਸ ਕਰ ਕੇ ਰਾਹਗੀਰਾਂ ਦਾ ਇੱਥੋਂ ਲੰਘਣਾ ਤਕ ਔਖਾ ਹੋ ਜਾਂਦਾ ਹੈ। ਸ਼ਰਧਾਲੂਆਂ ਨੂੰ ਵੀ ਬਾਜ਼ਾਰਾਂ ਵਿਚਲੇ ਜਾਮ ਵਿਚ ਫਸਣਾ ਪੈਂਦਾ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ਅੰਦਰ ਕਈ ਥਾਵਾਂ ’ਤੇ ਪੱਕੀਆਂ ਰੇਹੜੀਆਂ ਵੀ ਲੱਗਦੀਆਂ ਹਨ। ਬੇਸ਼ੱਕ ਬਾਜ਼ਾਰਾਂ ’ਚ ਵਾਹਨ ਚਾਲਕ ਲੰਘਣ ਲਈ ਆਪਸ ਵਿਚ ਭਿੜ ਪੈਣ, ਪਰ ਰੇਹੜੀਆਂ ਵਾਲੇ ਉਨ੍ਹਾਂ ਨੂੰ ਲੰਘਣ ਦਾ ਰਸਤਾ ਨਹੀਂ ਦਿੰਦੇ।
- ਤਹਿਸੀਲ ਬਾਜ਼ਾਰ ਦੇ ਦੁਆਰ ’ਤੇ ਨਾਜਾਇਜ਼ ਕਬਜ਼ਾ, ਪੁਲਿਸ ਦੀ ਅੱਖੋਂ ਦੂਰ
ਬਾਜ਼ਾਰਾਂ ਦੇ ਅੰਦਰ ਦੀ ਹਾਲਤ ਨੂੰ ਪਾਸੇ ਵੀ ਕਰ ਦਈਏ ਤਾਂ ਸ਼ਹਿਰ ਦੇ ਪ੍ਰਮੁੱਖ ਤਹਿਸੀਲ ਬਾਜ਼ਾਰ ਦਾ ਦੁਆਰ ਹੀ ਨਾਜਾਇਜ਼ ਕਬਜ਼ੇ ਹੇਠ ਹੈ। ਬਾਜ਼ਾਰ ਦੇ ਬਾਹਰ ਬਣੇ ਯਾਦਗਾਰੀ ਗੇਟ ਦੇ ਨਾਲ ਫਲ ਵਿਕਰੇਤਾ ਵੱਲੋਂ ਅੱਧ ਤਕ ਲਾਈ ਗਈ ਦੁਕਾਨ ਪ੍ਰਸ਼ਾਸਨ ਨੂੰ ਮੂੰਗ ਚਿੜਾਉਂਦੀ ਦਿਖਾਈ ਦਿੰਦੀ ਹੈ। ਕਿਉਂਕਿ ਹਰ ਵੇਲੇ ਪੁਲਿਸ ਦੇ ਪਹਿਰੇ ਵਾਲੇ ਚੌਕ ਵਿਚ ਇਹ ਨਾਜਾਇਜ਼ ਕਬਜ਼ਾ ਰਾਹਗੀਰਾਂ ਲਈ ਨਾਸੂਰ ਬਣਿਆ ਹੋਇਆ ਹੈ। ਇੱਕ ਪਾਸੇ ਦੁਕਾਨ ਅਤੇ ਇੱਕ ਪਾਸੇ ਪੁਲਿਸ ਦਾ ਬੈਰੀਕੇਡ ਲੱਗਾ ਹੋਣ ਕਰ ਕੇ ਰਾਹਗੀਰਾਂ ਨੂੰ ਲੰਘਣਾ ਤਕ ਔਖਾ ਹੋ ਜਾਂਦਾ ਹੈ ਅਤੇ ਬਾਜ਼ਾਰ ਵਿਚ ਤਕ ਲੱਗੀ ਦੁਕਾਨ ਤੇ ਫਿਰ ਉਸ ਦੇ ਅੱਗੇ ਗਾਹਕਾਂ ਦੇ ਖੜ੍ਹੇ ਹੋਣ ਕਰ ਕੇ ਬਾਜ਼ਾਰ ’ਚ ਨਾਮਾਤਰ ਰਸਤਾ ਹੀ ਬਚਦਾ ਹੈ।
- ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤੀ ਹੈ ਚਿਤਾਵਨੀ : ਟ੍ਰੈਫਿਕ ਇੰਚਾਰਜ
ਟ੍ਰੈਫਿਕ ਵਿੰਗ ਦੇ ਇੰਚਾਰਜ ਦਿਲਬਾਗ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ਵਿਚ ਵਾਰ-ਵਾਰ ਜਾ ਕੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਹਦੂਦ ’ਚ ਰੱਖਣ ਦੀ ਤਾਕੀਦ ਕੀਤੀ ਜਾਂਦੀ ਹੈ ਅਤੇ ਬਕਾਇਦਾ ਚਿਤਾਵਨੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਨੇ ਆਪਣਾ ਸਾਮਾਨ ਹੱਦ ਵਿਚ ਨਾ ਰੱਖਿਆ ਤਾਂ ਨਗਰ ਕੌਂਸਲ ਦੀ ਟੀਮ ਸਮੇਤ ਕਾਰਵਾਈ ਕੀਤੀ ਜਾਵੇਗੀ।