ਐਂਟੀ ਡ੍ਰੋਨ ਸਿਸਟਮ ਨੇ ਫੜੀ ਡ੍ਰੋਨ ਸਰਗਰਮੀ, ਹੈਰੋਇਨ ਬਰਾਮਦ
ਐਂਟੀ ਡ੍ਰੋਨ ਸਿਸਟਮ ਨੇ ਫੜੀ ਡ੍ਰੋਨ ਗਤੀਵਿਧੀ, ਹੈਰੋਇਨ ਬਰਾਮਦ
Publish Date: Fri, 30 Jan 2026 07:08 PM (IST)
Updated Date: Fri, 30 Jan 2026 07:10 PM (IST)

ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ਦੇ ਇਲਾਕੇ ਵਿਚ ਸਰਹੱਦ ਪਾਰੋਂ ਡ੍ਰੋਨ ਦੀ ਸਰਗਰਮੀ ਹੋਈ। ਜਿਸ ਨੂੰ ਐਂਟੀ ਡ੍ਰੋਨ ਸਿਸਟਮ ਦੇ ਰਡਾਰ ਨੇ ਫੜ ਲਿਆ ਅਤੇ ਕੰਟਰੋਲ ਰੂਮ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਖਾਲੜਾ ਦੀ ਪੁਲਿਸ ਨੇ ਡ੍ਰੋਨ ਵੱਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਨੂੰ ਬਰਾਮਦ ਕਰ ਲਿਆ। ਜਿਸ ਸਬੰਧੀ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਸਬ ਇੰਸਪੈਕਟਰ ਬਲਜਿਦੰਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਐਂਟੀ ਡ੍ਰੋਨ ਸਿਸਟਮ ਦੇ ਆਪ੍ਰੇਟਰ ਕਰਨਦੀਪ ਸਿੰਘ ਨੇ ਸੂਚਨਾ ਦਿੱਤੀ ਕਿ ਰਾਜੋਕੇ ਪਿੰਡ ਦੇ ਇਲਾਕੇ ਵਿਚ ਡ੍ਰੋਨ ਸਰਗਰਮੀ ਹੋਈ ਹੈ। ਜਿਸ ਕਾਰਨ ਉਨ੍ਹਾਂ ਨੇ ਸਰਹੱਦੀ ਚੌਕੀ ਮੰਗਲੀ ’ਤੇ ਤਾਇਨਾਤ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਸਿਜੂ ਜਿਓਰੇ ਨੂੰ ਸੂਚਨਾ ਦਿੱਤੀ ਅਤੇ ਬੀਐੱਸਐੱਫ ਦੇ ਜਵਾਨਾਂ ਤੇ ਪੁਲਿਸ ਕਰਮਚਾਰੀਆਂ ਸਮੇਤ ਜਦੋਂ ਦੱਸੇ ਇਲਾਕੇ ਵਿਚ ਤਲਾਸ਼ੀ ਸ਼ੁਰੂ ਕੀਤੀ ਤਾਂ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਜੋਕੇ ਦੇ ਖੇਤਾਂ ਵਿੱਚੋਂ ਪੀਲੇ ਰੰਗ ਦਾ ਪੈਕੇਟ ਮਿਲਿਆ। ਜਿਸ ਦੀ ਜਾਂਚ ਦੌਰਾਨ ਉਸ ਵਿੱਚੋਂ 524 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪਰ ਜਲਦੀ ਹੀ ਉਕਤ ਖੇਪ ਮੰਗਵਾਉਣ ਵਾਲੇ ਦਾ ਪਤਾ ਲਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।