ਸਰਹੱਦ ਪਾਰੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਵੇਚਣ ਵਾਲਾ ਗ੍ਰਿਫਤਾਰ
ਸਰਹੱਦ ਪਾਰੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਵੇਚਣ ਵਾਲਾ ਗ੍ਰਿਫਤਾਰ
Publish Date: Fri, 23 Jan 2026 08:17 PM (IST)
Updated Date: Sat, 24 Jan 2026 04:16 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਕੋਲੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਸਪਲਾਈ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਕੇ ਉਸ ਨੂੰ ਵੱਡੀ ਮਾਤਰਾ ’ਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਦਾ ਮੋਬਾਈਲ ਵੀ ਕਬਜ਼ੇ ’ਚ ਲਿਆ ਹੈ। ਜਦੋਂਕਿ ਫੜੇ ਗਏ ਵਿਅਕਤੀ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਏਐੱਸਆਈ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਜਦੋਂ ਉਹ ਖੇਮਕਰਨ ਕਸਬੇ ਦੇ ਸੂਏ ਕੋਲ ਪੁੱਜੇ ਤਾਂ ਸੂਚਨਾ ਮਿਲੀ ਕਿ ਨਿਸ਼ਾਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਢੋਲਣ ਪਾਕਿਸਤਾਨੀ ਸਮੱਗਲਰਾਂ ਕੋਲੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੱਗੇ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਅਧਾਰ ’ਤੇ ਟਰੈਪ ਲਗਾ ਕੇ ਉਨ੍ਹਾਂ ਨੇ ਨਿਸ਼ਾਨ ਸਿੰਘ ਨੂੰ 392 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਜਦੋਂਕਿ ਉਸ ਕੋਲੋਂ ਬਰਾਮਦ ਹੋਏ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ।