ਸਰਹੱਦੀ ਪਿੰਡ ਦੇ ਇਲਾਕੇ ’ਚੋਂ ਡ੍ਰੋਨ ਤੇ ਹੈਰੋਇਨ ਦੀ ਖੇਪ ਬਰਾਮਦ
ਸਰਹੱਦੀ ਪਿੰਡ ਦੇ ਇਲਾਕੇ ਵਿੱਚੋਂ ਡ੍ਰੋਨ ਤੇ ਹੈਰੋਇਨ ਦੀ ਖੇਪ ਬਰਾਮਦ
Publish Date: Sat, 17 Jan 2026 06:44 PM (IST)
Updated Date: Sun, 18 Jan 2026 04:13 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਪਿੰਡ ਠੱਠੀ ਜੈਮਲ ਸਿੰਘ ਦੇ ਇਲਾਕੇ ’ਚੋਂ ਪੁਲਿਸ ਨੇ ਡ੍ਰੋਨ ਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਹ ਬਰਾਮਦਗੀ ਐਂਟੀ ਡ੍ਰੋਨ ਸਿਸਟਮ ਵੱਲੋਂ ਫੜੀ ਗਈ ਡ੍ਰੋਨ ਗਤੀਵਿਧੀ ਤੋਂ ਬਾਅਦ ਕੀਤੀ ਗਈ, ਜਿਸ ਸਬੰਧੀ ਥਾਣਾ ਵਲਟੋਹਾ ਵਿਖੇ ਐੱਨਡੀਪੀਐੱਸ ਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਵਲਟੋਹਾ ਦੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਂਟੀ ਡ੍ਰੋਨ ਸਿਸਟਮ ਦੇ ਆਪ੍ਰੇਟਰ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਠੱਠੀ ਜੈਮਲ ਸਿੰਘ ਦੇ ਇਲਾਕੇ ’ਚ ਡ੍ਰੋਨ ਦੀ ਹਲਚਲ ਹੋਈ ਹੈ। ਉਕਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਆਪਣੀ ਟੀਮ ਸਮੇਤ ਇਲਾਕੇ ’ਚ ਚੈਕਿੰਗ ਕੀਤੀ ਤਾਂ ਇਕ ਕਾਲੇ ਰੰਗ ਦਾ ਡ੍ਰੋਨ ਤੇ 507 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਪਰ ਜਲਦੀ ਉਕਤ ਖੇਪ ਮੰਗਵਾਉਣ ਵਾਲੇ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।