ਸੀਤ ਲਹਿਰ ਨੇ ਕੀਤਾ ਨੱਕ ’ਚ ਦਮ, ਕੰਮ-ਕਾਰ ਛੱਡ ਕੇ ਅੱਗ ਸੇਕਣ ’ਚ ਲੱਗੇ ਲੋਕ
ਸੀਤ ਲਹਿਰ ਨੇ ਕੀਤਾ ਨੱਕ ’ਚ ਦਮ, ਕੰਮ ਕਾਰ ਛੱਡ ਕੇ ਅੱਗ ਸੇਕਣ ’ਚ ਲੱਗੇ ਲੋਕ
Publish Date: Thu, 08 Jan 2026 08:14 PM (IST)
Updated Date: Fri, 09 Jan 2026 04:12 AM (IST)

ਪਾਰੇ ਦੇ ਲੁੜਕਨ ਕਾਰਨ ਜਨਜੀਵਨ ਹੋ ਰਿਹੈ ਪ੍ਰਭਾਵਿਤ, ਦਿਹਾੜੀਦਾਰ ਕਾਮੇ ਪ੍ਰੇਸ਼ਾਨ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਪੋਹ ਮਹੀਨੇ ਦੇ ਅੱਧ ਤੋਂ ਪਾਰ ਹੋਣ ਦੇ ਨਾਲ ਹੀ ਠੰਢ ਦਾ ਪ੍ਰਕੋਪ ਵੀ ਵਧ ਗਿਆ ਹੈ, ਜਿਸ ਦੇ ਚੱਲਦਿਆਂ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਲੋਕ ਕੰਮਕਾਰ ਛੱਡ ਕੇ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ, ਜਦੋਂਕਿ ਦਿਹਾੜੀਦਾਰ ਕਾਮੇ ਤੇ ਰੇਹੜੀ ਆਦਿ ਲਾ ਕੇ ਆਪਣੀ ਜੀਵਿਕਾ ਚਲਾਉਣ ਵਾਲਿਆਂ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਹਾਲਾਂਕਿ ਠੰਢ ਦਾ ਅਸਰ ਅੱਗੇ ਵੀ ਕੁਝ ਦਿਨ ਘੱਟਦਾ ਦਿਖਾਈ ਨਹੀਂ ਦੇ ਰਿਹਾ, ਜਿਸ ਦੇ ਚੱਲਦਿਆਂ ਪਤੰਗਬਾਜ਼ੀ ਦੇ ਸ਼ੌਕੀਨਾਂ ’ਚ ਵੀ ਨਾਮੋਸ਼ੀ ਬਣੀ ਹੋਈ ਹੈ। ਦੂਜੇ ਪਾਸੇ ਸਕੂਲਾਂ ਦੀਆਂ ਛੁੱਟੀਆਂ ਵੀ ਲੋਹੜੀ ਤੱਕ ਵਧਾ ਦਿੱਤੀਆਂ ਗਈਆਂ ਹਨ ਤਾਂ ਜੋ ਬੱਚੇ ਠੰਢ ਦੀ ਲਪੇਟ ’ਚ ਨਾ ਆਉਣ। ਤਰਨਤਾਰਨ ਦੀ ਗੱਲ ਕਰੀਏ ਤਾਂ ਇੱਥੇ ਵੀਰਵਾਰ ਨੂੰ ਸਾਰਾ ਦਿਨ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ, ਜਿਸ ਦੇ ਚੱਲਦਿਆਂ ਸੀਤ ਲਹਿਰ ਦਾ ਪ੍ਰਕੋਪ ਸਾਰਾ ਦਿਨ ਜਾਰੀ ਰਿਹਾ। ਦੋਪਹੀਆ ਵਾਹਨ ਚਾਲਕਾਂ ਨੂੰ ਠੰਢੀਆਂ ਹਵਾਵਾਂ ਦੇ ਥਪੇੜੇ ਝੱਲਣੇ ਪਏ ਤੇ ਉਹ ਕੁਝ ਕੁਝ ਦੂਰੀ ’ਤੇ ਰੁਕ ਕੇ ਆਪਣੇ ਹੱਥਾਂ ਨੂੰ ਗਰਮਾਹਟ ਦਿੰਦੇ ਦਿਖਾਈ ਦਿੱਤੇ, ਜਦੋਂਕਿ ਵਧੇਰੇ ਠੰਢ ਦੇ ਚੱਲਦਿਆਂ ਜ਼ਰੂਰੀ ਕੰਮਕਾਜ ਲਈ ਬਾਹਰ ਨਿਕਲੇ ਲੋਕਾਂ ਤੋਂ ਇਲਾਵਾ ਬਾਜ਼ਾਰਾਂ ’ਚ ਗਾਹਕਾਂ ਦੀ ਵੀ ਕਮੀਂ ਨਜ਼ਰ ਆਈ, ਜਿਸ ਦੇ ਚੱਲਦਿਆਂ ਦੁਕਾਨਦਾਰ ਵੀ ਠੰਢ ਤੋਂ ਬਚਣ ਦੇ ਕਈ ਤਰ੍ਹਾਂ ਦੇ ਉਪਾਅ ਕਰਦੇ ਵੇਖੇ ਗਏ ਤੇ ਦੁਕਾਨਾਂ ਦੇ ਬਾਹਰ ਅੱਗ ਬਾਲ ਕੇ ਠੰਢ ਤੋਂ ਬਚਣ ’ਚ ਜੁਟੇ ਦਿਖਾਈ ਦਿੱਤੇ, ਜਦੋਂਕਿ ਸ਼ਾਮ ਹੁੰਦਿਆਂ ਹੀ ਪਿੰਡਾਂ ਕਸਬਿਆਂ ’ਚ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਅੱਗ ਬਾਲ ਕੇ ਹੱਥ ਸੇਕਦੇ ਦਿਖਾਈ ਦਿੱਤੇ। ਪਿੰਡਾਂ ਦੇ ਅੱਡਿਆਂ ’ਤੇ ਤਾਂ ਰਾਹਗੀਰ ਵੀ ਬਲਦੀ ਅੱਗ ਦਾ ਤਾਪ ਲੈ ਕੇ ਆਪਣੀ ਮੰਜ਼ਿਲ ਵੱਲ ਵਧੇ। ਦੁਕਾਨਦਾਰਾਂ ਹਰਜੀਤ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ ਕੱਦਗਿੱਲ, ਸਤਨਾਮ ਸਿੰਘ ਕੱਦਗਿੱਲ, ਹਰਮਨਦੀਪ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਸਵਰਨ ਸਿੰਘ ਤੇ ਕਾਬਲ ਸਿੰਘ ਕੱਦਗਿੱਲ ਆਦਿ ਨੇ ਕਿਹਾ ਕਿ ਠੰਢ ’ਚ ਕੰਮਕਾਰ ’ਚ ਗਿਰਾਵਟ ਆਉਂਦੀ ਹੈ। ਨਾਲ ਹੀ ਠੰਢ ਇੰਨੀ ਵਧ ਗਈ ਹੈ ਕਿ ਇਸ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣ ਪੈ ਰਿਹਾ ਹੈ, ਕਿਉਂਕਿ ਦੁਕਾਨਾਂ ਉੱਪਰ ਸਿੱਧੀ ਹਵਾ ਆਉਣ ਕਾਰਨ ਸੀਤ ਲਹਿਰ ਵਧੇਰੇ ਪ੍ਰਭਾਵਿਤ ਕਰ ਰਹੀ ਹੈ। ਇਸੇ ਤਰ੍ਹਾਂ ਰਾਹਗੀਰਾਂ ਵਿਸ਼ਾਲ ਕੁਮਾਰ, ਗਗਨ ਸ਼ਰਮਾ, ਗੁਰਵਿੰਦਰ ਸਿੰਘ ਨੇ ਕਿਹਾ ਕਿ ਠੰਢ ਦੌਰਾਨ ਦੋਪਹੀਆ ਵਾਹਨ ’ਤੇ ਸਫਰ ਕਰਨਾ ਔਖਾ ਹੋਇਆ ਪਿਆ ਹੈ। ਠੇਕੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਨਿਰਮਾਣ ਦੇ ਕਾਰਜ ਵੀ ਇਨ੍ਹਾਂ ਦਿਨਾਂ ’ਚ ਖਲੋ ਜਾਣ ਕਾਰਨ ਮਜ਼ਦੂਰਾਂ ਦੇ ਕੰਮਕਾਜ ਉੱਪਰ ਵੀ ਅਸਰ ਪੈਂਦਾ ਹੈ। ਪੇਂਟ ਸਟੋਰ ਸੰਚਾਲਕ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਤ ਲਹਿਰ ਤੇ ਧੁੱਪ ਨਾ ਹੋਣ ਕਾਰਨ ਜਿੱਥੇ ਪੇਂਟ ਦੀ ਵਿਕਰੀ ਬੰਦ ਹੋ ਗਈ ਹੈ। ਉਥੇ ਹੀ ਇਸ ਕਿੱਤੇ ’ਚ ਲੱਗੇ ਕਾਰੀਗਰ ਵੀ ਵਿਹਲੇ ਹੋ ਗਏ ਹਨ, ਕਿਉਂਕਿ ਇਕ ਕੰਮ ਸਿੱਧਾ ਧੁੱਪ ਨਾਲ ਜੁੜਿਆ ਹੋਇਆ ਹੈ। ਬਾਕਸ- ਠੰਢ ਦੌਰਾਨ ਰਹੋ ਸਿਹਤ ਪ੍ਰਤੀ ਸਾਵਧਾਨ : ਡਾ. ਪੀਐੱਸ ਚੁੱਘ ਤਰਨਤਾਰਨ ਦੇ ਡਾ. ਪਰਮਜੀਤ ਸਿੰਘ ਚੁੱਘ ਨੇ ਕਿਹਾ ਕਿ ਠੰਢ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ |ਚ ਬਲੱਡ ਪ੍ਰੈਸ਼ਰ ਤੇ ਦਿਲ ਦੇ ਮਰੀਜ਼ਾਂ ਦੀਆਂ ਤਕਲੀਫਾਂ ’ਚ ਵਾਧਾ ਹੋਣ ਦੇ ਆਸਾਰ ਹੁੰਦੇ ਹਨ, ਜਦੋਂਕਿ ਛੋਟੇ ਬੱਚਿਆਂ ਨੂੰ ਵੀ ਇਸ ਠੰਢ ਤੋਂ ਬਚਾਉਣ ਦੀ ਵਧੇਰੇ ਲੋੜ ਹੈ। ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਤਕਲੀਫ ਹੋਣ ’ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।