ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ ਨਾਲ ਗਮਗੀਨ ਹੋਇਆ ਜੰਡਿਆਲਾ ਰੋਡ
ਪਤੀ, ਪਤਨੀ ਦੀ ਇਕੱਠਿਆਂ ਹੋਈ ਮੌਤ ਨਾਲ ਗਮਗੀਨ ਹੋਇਆ ਜੰਡਿਆਲਾ ਰੋਡ
Publish Date: Thu, 08 Jan 2026 08:04 PM (IST)
Updated Date: Fri, 09 Jan 2026 04:12 AM (IST)

ਇਲਾਕੇ ’ਚ ਹੋਣ ਵਾਲੇ ਸਮਾਗਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਸੋਨੂੰ ਪਰਿਵਾਰ ਨਾਲ ਦੁਖ ਸਾਂਝਾ ਕਰਨ ਵਾਲਿਆਂ ਦਾ ਲੱਗਾ ਤਾਂਤਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਜੰਡਿਆਲਾ ਰੋਡ ਉੱਪਰ ਏਸੀ ਤੇ ਫਰਿੱਜ਼ਾਂ ਆਦਿ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਸੋਨੂੰ ਤੇ ਉਸ ਦੀ ਪਤਨੀ ਦੇ ਕਮਰੇ ’ਚ ਬਾਲੀ ਅੱਗ ਦੇ ਚੱਲਦਿਆਂ ਦਮ ਘੁੱਟਣ ਨਾਲ ਹੋਏ ਦੇਹਾਂਤ ਕਾਰਨ ਇਲਾਕੇ ਵਿ’ਚ ਵੱਡੇ ਪੱਧਰ ’ਤੇ ਸੋਗ ਪਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮਾਂ ਦੌਰਾਨ ਇਸ ਰੋਡ ’ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਸੋਨੂੰ ਦੇ ਦੇਹਾਂਤ ਨਾਲ ਉਨ੍ਹਾਂ ਦੇ ਆਸ-ਪਾਸ ਰਹਿੰਦੇ ਲੋਕ ਸਦਮੇ ’ਚ ਹਨ, ਜਦੋਂਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵੀ ਤਾਂਤਾ ਲੱਗਾ ਹੋਇਆ ਹੈ। ਗੁਰਮੀਤ ਸਿੰਘ ਸੋਨੂੰ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਜਸਬੀਰ ਕੌਰ ਨਾਲ ਹੋਇਆ ਸੀ ਤੇ ਉਹ ਤਰਨਤਾਰਨ ਦੇ ਜੰਡਿਆਲਾ ਰੋਡ ’ਤੇ ਆਪਣੀ ਦੁਕਾਨ ਉੱਪਰ ਹੀ ਬਣੇ ਘਰ ’ਚ ਮਾਤਾ ਬਲਵਿੰਦਰ ਕੌਰ ਤੇ ਪਿਤਾ ਜਸਪਾਲ ਸਿੰਘ ਨਾਲ ਰਹਿ ਰਿਹਾ ਸੀ, ਜਦੋਂਕਿ ਸੋਨੂੰ ਦਾ ਛੋਟਾ ਭਰਾ ਮਲਕੀਤ ਸਿੰਘ ਮੋਨੂੰ ਇਸ ਵੇਲੇ ਵਿਦੇਸ਼ ’ਚ ਰਹਿੰਦਾ ਹੈ। ਜੰਡਿਆਲਾ ਰੋਡ ’ਤੇ ਹਰ ਮੱਸਿਆ ਮੌਕੇ ਦੁਕਾਨਦਾਰਾਂ ਵੱਲੋਂ ਲਾਏ ਜਾਣ ਵਾਲੇ ਗੁਰੂ ਕੇ ਲੰਗਰ ਦੀ ਸੇਵਾ ਹੋਵੇ ਜਾਂ ਵੱਖ-ਵੱਖ ਧਾਰਮਿਕ ਦਿਹਾੜਿਆਂ ’ਤੇ ਹੋਰ ਕੋਈ ਪ੍ਰੋਗਰਾਮ, ਸੋਨੂੰ ਇਹ ਪ੍ਰੋਗਰਾਮ ਕਰਵਾਉਣ ਵਾਲੀ ਟੀਮ ਦੇ ਮੂਹਰਲੇ ਮੈਂਬਰਾਂ ਵਜੋਂ ਜਾਣਿਆ ਜਾਂਦਾ ਸੀ। ਬੁੱਧਵਾਰ ਸ਼ਾਮ ਨੂੰ ਉਹ ਘਰ ਦੀ ਛੱਤ ’ਤੇ ਸੀ, ਜਿੱਥੇ ਉਸ ਨੇ ਠੰਢ ਤੋਂ ਬਚਣ ਲਈ ਅੱਗ ਬਾਲੀ ਤੇ ਫਿਰ ਬੱਠਲ ’ਚ ਬਾਲੀ ਉਹੋ ਅੱਗ ਉਹ ਹੇਠਾਂ ਆਪਣੇ ਕਮਰੇ ’ਚ ਲੈ ਆਇਆ, ਜੋ ਸੁੱਤੇ ਪਏ ਉਸ ਦਾ ਹੀ ਨਹੀਂ ਬਲਕਿ ਉਸ ਦੀ ਪਤਨੀ ਦਾ ਵੀ ਕਾਲ ਸਾਬਤ ਹੋਈ, ਕਿਉਂਕਿ ਕਮਰੇ ’ਚ ਬਲਦੀ ਅੱਗ ਦੇ ਚੱਲਦਿਆਂ ਦਮ ਘੁਟਣ ਨਾਲ ਗੁਰਮੀਤ ਸਿੰਘ ਸੋਨੂੰ ਤੇ ਉਸ ਦੀ ਪਤਨੀ ਜਸਬੀਰ ਕੌਰ ਨੇ ਸੁੱਤੇ ਪਏ ਹੀ ਦਮ ਤੋੜ ਦਿੱਤਾ। ਦੁਕਾਨ ਦੇ ਸਮੇਂ ’ਤੇ ਜਦੋਂ ਸੋਨੂੰ ਦੂਸਰੀ ਮੰਜ਼ਿਲ ਦੇ ਆਪਣੇ ਕਮਰੇ ’ਚੋਂ ਹੇਠਾਂ ਨਾ ਆਇਆ ਤਾਂ ਉਸ ਦੇ ਬਜ਼ੁਰਗ ਮਾਤਾ-ਪਿਤਾ ਨੇ ਤੁਰੰਤ ਆਂਢ-ਗਆਂਢ ਦੇ ਦੁਕਾਨਦਾਰਾਂ ਨੂੰ ਬੁਲਾਇਆ ਤੇ ਜਦੋਂ ਦਰਵਾਜ਼ਾ ਤੋੜ ਕੇ ਉਹ ਅੰਦਰ ਗਏ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਸੋਨੂੰ ਤੇ ਉਸ ਦੀ ਪਤਨੀ ਬੈੱਡ ’ਤੇ ਬੇਸੁਧ ਪਏ ਸਨ, ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੀ, ਜਿਸ ਦੇ ਚੱਲਦਿਆਂ ਘਰ ’ਚ ਚੀਕ-ਚਿਹਾੜਾ ਮਚ ਗਿਆ ਤੇ ਵੱਡੀ ਗਿਣਤੀ ’ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚਣ ਲੱਗੇ। ਸੋਨੂੰ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਕਸਰ ਸਮੇਂ ਸਿਰ ਹੇਠਾਂ ਆ ਜਾਂਦਾ ਸੀ ਪਰ ਅੱਜ ਜਦੋਂ ਕਾਫੀ ਦੇਰ ਤੱਕ ਨਾ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ, ਜੋ ਉਸ ਨੇ ਨਹੀਂ ਚੁੱਕਿਆ। ਫਿਰ ਉਨ੍ਹਾਂ ਨੇ ਸੋਚਿਆ ਕਿ ਠੰਢ ਜ਼ਿਆਦਾ ਹੋਣ ਕਰ ਕੇ ਸ਼ਾਇਦ ਉਹ ਦੇਰੀ ਨਾਲ ਉੱਠੇਗਾ ਤੇ ਉਹ ਆਪਣੇ ਕੰਮਕਾਜ ’ਚ ਲੱਗ ਗਿਆ ਪਰ ਜਦੋਂ ਫਿਰ ਵੀ ਸੋਨੂੰ ਤੇ ਉਸ ਦੀ ਪਤਨੀ ਨਾ ਉੱਠੇ ਤਾਂ ਉਨ੍ਹਾਂ ਨੇ ਆਪਣੇ ਗੁਆਂਢੀ ਦੁਕਾਨਦਾਰਾਂ ਨੂੰ ਬੁਲਾ ਕੇ ਦੂਸਰੀ ਮੰਜਿਲ ’ਤੇ ਬਣੇ ਸੋਨੂੰ ਦੇ ਕਮਰੇ ਦਾ ਦਰਵਾਜ਼ਾ ਕਿਸੇ ਤਰ੍ਹਾਂ ਖੁੱਲ੍ਹਵਾਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਗੁਰਮੀਤ ਸਿੰਘ ਸੋਨੂੰ ਤੇ ਉਸ ਦੀ ਪਤਨੀ ਜਸਬੀਰ ਕੌਰ ਦੀ ਮੌਤ ਹੋ ਚੁੱਕੀ ਸੀ, ਜਦੋਂਕਿ ਕਮਰੇ ’ਚ ਅੱਗ ਵੀ ਬਲ ਰਹੀ ਸੀ। ਉਨ੍ਹਾਂ ਕਿਹਾ ਕਿ ਸੋਨੂੰ ਸਾਡਾ ਬਜ਼ੁਰਗਾਂ ਦਾ ਸਹਾਰਾ ਸੀ ਤੇ ਉਹ ਹੁਣ ਬੇਸਹਾਰਾ ਹੋ ਗਏ ਹਨ। ਦੂਜੇ ਪਾਸੇ ਗੁਆਂਢੀ ਦੁਕਾਨਦਾਰਾਂ ਹਰਜੀਤ ਸਿੰਘ, ਸ਼ਿੰਦਾ ਪਹਿਲਵਾਨ ਤੇ ਹੋਰਾਂ ਨੇ ਦੱਸਿਆ ਕਿ ਜੰਡਿਆਲਾ ਰੋਡ ਦੇ ਇਸ ਖੇਤਰ ’ਚ ਗੁਰਮੀਤ ਸਿੰਘ ਕਾਫੀ ਸਰਗਰਮ ਨੌਜਵਾਨ ਸੀ। ਉਸ ਵੱਲੋਂ ਮੁਹੱਲੇ ’ਚ ਕੀਤੇ ਜਾਣ ਵਾਲੇ ਹਰ ਕਾਰਜ ਨੂੰ ਪੂਰੀ ਸ਼ਿੱਦਤ ਨਾਲ ਕੀਤਾ ਜਾਂਦਾ ਤੇ ਹਰ ਕੰਮ ’ਚ ਉਹ ਅੱਗੇ ਹੋ ਕੇ ਸੇਵਾਵਾਂ ਨਿਭਾਉਂਦਾ। ਸੋਨੂੰ ਦੇ ਦੇਹਾਂਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਦੋਵਾਂ ਮ੍ਰਿਤਕਾਂ ਦਾ ਵੀਰਵਾਰ ਦੇਰ ਸ਼ਾਮ ਤਰਨਤਾਰਨ ਦੇ ਸੱਚਖੰਡ ਰੋਡ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।