ਜੰਡਿਆਲਾ ਰੋਡ ਦਾ ਸ਼ਹਿਰ ਵੱਲ ਟਰੈਫਿਕ ਹੋਇਆ ਬਹਾਲ, ਦੁਕਾਨਦਾਰਾਂ ਦੇ ਚਿਹਰੇ ਖਿੜੇ

ਆਵਾਜਾਈ ਵਨ-ਵੇ ਕਰਨ ਨਾਲ ਦੁਕਾਨਦਾਰਾਂ ਨੇ ਜਿਤਾਇਆ ਸੀ ਮੰਦੇ ਦਾ ਖਦਸ਼ਾ
ਪੁਲਿਸ ਪ੍ਰਸ਼ਾਸਨ ਨੇ ਬੋਹੜੀ ਵਾਲਾ ਚੌਕ ’ਚ ਜਾਮ ਨਾਲ ਨਿਪਟਣ ਦੇ ਕੀਤੇ ਪ੍ਰਬੰਧ
ਜਸਪਾਲ ਸਿੰਘ ਜੱਸੀ/ਗੁਰਪ੍ਰੀਤ ਕੱਦਗਿੱਲ, •ਪੰਜਾਬੀ ਜਾਗਰਣ,
ਤਰਨਤਾਰਨ : ਤਰਨਤਾਰਨ ਸ਼ਹਿਰ ਵਿਚ ਲੱਗਣ ਵਾਲੇ ਟਰੈਫਿਕ ਜਾਮ ਤੋਂ ਰਾਹਗੀਰਾਂ ਨੂੰ ਛੁਟਕਾਰਾ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਸਭ ਤੋਂ ਵੱਧ ਆਵਾਜਾਈ ਵਾਲੇ ਮਾਰਗ ਜੰਡਿਆਲਾ ਰੋਡ ਦੇ ਰੇਲਵੇ ਫਾਟਕ ਤੋਂ ਟਰੈਫਿਕ ਨੂੰ ਰੇਲਵੇ ਰੋਡ ਵੱਲ ਡਾਇਵਰਟ ਕਰਕੇ ਵਨ-ਵੇ ਟਰੈਫਿਕ ਦਾ ਪ੍ਰਬੰਧ ਕੀਤਾ ਸੀ। ਜਿਸ ਨਾਲ ਜੰਡਿਆਲਾ ਰੋਡ ’ਤੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਮੰਦੇ ਦਾ ਖਦਸ਼ਾ ਜਿਤਾਉਂਦਿਆਂ ਕਿਹਾ ਕਿ ਜਿਸ ਦਿਨ ਤੋਂ ਰਾਹ ਬੰਦ ਹੋਇਆ ਹੈ, ਉਸ ਦਿਨ ਤੋਂ ਉਨ੍ਹਾਂ ਦੀ ਗ੍ਰਾਹਕੀ ਵੀ ਖਤਮ ਹੋ ਗਈ ਹੈ। ਕਿਉਂਕਿ ਇਹ ਰਸਤਾ ਸ਼ਹਿਰ ਵਿਚ ਦਾਖਲ ਹੋਣ ਵਾਲਾ ਪ੍ਰਮੁੱਖ ਰਸਤਾ ਹੈ। ਜਿਸਦੇ ਚੱਲਦਿਆਂ ਪੁਲਿਸ ਪ੍ਰਸ਼ਾਸ ਨੇ ਜੰਡਿਆਲਾ ਰੋਡ ਤੋਂ ਬੰਦ ਕੀਤਾ ਰਸਤਾ ਖੋਲ੍ਹ ਦਿੱਤਾ ਹੈ ਅਤੇ ਇਸ ਨਾਲ ਦੁਕਾਨਦਾਰਾਂ ਦੇ ਚਿਹਰੇ ਵੀ ਖਿੜਦੇ ਦਿਖਾਈ ਦੇਣ ਲੱਗੇ ਹਨ।
ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਇਰਦ ਗਿਰਦ ਬਣੇ ਪੁਰਾਣੇ ਬਾਈਪਾਸ ’ਤੇ ਕੱਕਾ ਕੰਡਿਆਲਾ ਰੇਲਵੇ ਕਰਾਸਿੰਗ ਉੱਪਰ ਫਲਾਈਓਵਰ ਦਾ ਨਿਰਮਾਣ ਹੋਣ ਕਾਰਨ ਇਹ ਰਸਤਾ ਆਵਾਜਾਈ ਲਈ ਕਰੀਬ ਇਕ ਸਾਲ ਤੋਂ ਬੰਦ ਪਿਆ ਹੈ। ਜਿਸਦੇ ਚੱਲਦਿਆਂ ਤਰਨਤਾਰਨ ਸ਼ਹਿਰ ਵਿਚ ਟਰੈਫਿਕ ਦਾ ਦਬਾਅ ਭਾਰੀ ਵਧ ਗਿਆ ਅਤੇ ਇਕ ਸਾਲ ਤੋਂ ਸ਼ਹਿਰ ਇਸ ਦਬਾਅ ਨੂੰ ਝੱਲ ਵੀ ਰਿਹਾ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਲਗਾਤਾਰ ਲੰਮੇ ਲੰਮੇ ਜਾਮ ਲੱਗ ਰਹੇ ਹਨ। ਜਦੋਂਕਿ ਸ਼ਹਿਰ ਦੇ ਮੁੱਖ ਚੁਰਾਹੇ ਬੋਹੜੀ ਵਾਲਾ ਚੌਂਕ ’ਚ ਟਰੈਫਿਕ ਦੇ ਹਲਾਤ ਜ਼ਿਆਦਾ ਵਿਗੜ ਰਹੇ ਸਨ। ਜਿਸਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਨੇ ਤਜਰਬੇ ਦੇ ਤੌਰ ’ਤੇ ਜੰਡਿਆਲਾ ਰੋਡ ਰੇਲਵੇ ਕਰਾਸਿੰਗ ਤੋਂ ਤਰਨਤਾਰਨ ਸ਼ਹਿਰ ਵੱਲ ਆਉਣ ਵਾਲੀ ਆਵਾਜਾਈ ਨੂੰ ਬੰਦ ਕਰਕੇ ਰੇਲਵੇ ਰੋਡ ਰਾਂਹੀ ਚਾਰ ਖੰਬਾ ਚੌਕ ਵੱਲ ਤਬਦੀਲ ਕਰਕੇ ਇਸ ਰਸਤੇ ਨੂੰ ਵਨ-ਵੇ ਕਰ ਦਿੱਤਾ। ਕੁਝ ਦਿਨ ਰਸਤਾ ਬੰਦ ਰਹਿਣ ਤੋਂ ਬਾਅਦ ਜੰਡਿਆਲਾ ਰੋਡ ਦੇ ਦੁਕਾਨਦਾਰ ਅੱਗੇ ਆਏ ਅਤੇ ਉਨ੍ਹਾਂ ਨੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਆਪਣੀ ਮੁਸ਼ਕਿਲ ਦੱਸ ਦੱਤੀ।
ਦੁਕਾਨਦਾਰਾਂ ਬਲਜਿੰਦਰ ਸਿੰਘ, ਮਨਦੀਪ ਸਿੰਘ ਚੀਮਾ, ਹਰਜੀਤ ਸਿੰਘ ਖਾਲਸਾ, ਦਲਜੀਤ ਸਿੰਘ ਬੈਟਰੀਆਂ ਵਾਲੇ, ਸੁਖਵਿੰਦਰ ਸਿੰਘ ਪੱਪੂ ਫੱਟਿਆਂ ਵਾਲੇ, ਸਤੀਸ਼ ਕੁਮਾਰ ਜੂਸ ਬਾਰ, ਭੁਪਿੰਦਰ ਸਿੰਘ ਕਰਕਸ ਕੈਫੇ, ਦਲੀਪ ਸਿੰਘ ਢਿੱਲੋਂ, ਨਵੀਨ ਕੁਮਾਰ, ਡਾਕਟਰ ਸੁਖਮਨਜੀਤ ਸਿੰਘ ਜੱਸਲ, ਕੁਲਜਿੰਦਰ ਸਿੰਘ, ਲਾਲ ਸਿੰਘ, ਹਰਵਿੰਦਰ ਸਿੰਘ ਚਾਵਲਾ, ਸਤਨਾਮ ਸਿੰਘ ਫੌਜੀ, ਵਿਸ਼ਾਲ ਗੁਰਕਿਰਪਾ ਹੋਮਿਓਪੈਥੀ ਵਾਲੇ, ਦਮਨਦੀਪ ਸਿੰਘ ਪ੍ਰਿੰਸ, ਕਵਲਜੀਤ ਸਿੰਘ ਲਿਬਰਟੀ ਵਾਲੇ, ਹਰਮਿੰਦਰ ਸਿੰਘ ਆਟੋ ਰਿਪੇਅਰ, ਵਿਸ਼ਾਲ ਸਿੰਘ ਡਿਪਟੀ, ਸਤਨਾਮ ਸਿੰਘ, ਹਰਜੀਤ ਸਿੰਘ ਜੀਤ, ਜਸਬੀਰ ਸਿੰਘ ਮੈਡੀਕਲ ਸਟੋਰ ਵਾਲੇ, ਦਲਜੀਤ ਸਿੰਘ ਚੱਕੀ ਵਾਲੇ, ਇੰਦਰ ਸਿੰਘ ਮੈਡੀਕਲ ਸਟੋਰ, ਸਾਹਿਲ ਸ਼ਰਮਾ, ਦਮਨਦੀਪ ਸਿੰਘ ਢਾਬੇ ਵਾਲੇ, ਮਨਪ੍ਰੀਤ ਸਿੰਘ ਸੰਧੂ, ਮਨਜਿੰਦਰ ਸਿੰਘ ਗਰਿੱਲਾਂ ਵਾਲੇ, ਹਰਪ੍ਰੀਤ ਸਿੰਘ ਰੰਧਾਵਾ ਹੋਮਿਓਪੈਥਿਕ, ਮਨਦੀਪ ਸਿੰਘ, ਰਣਬੀਰ ਸਿੰਘ ਮੈਡੀਕਲ ਸਟੋਰ ਵਾਲੇ, ਅਮਨ ਸਿੰਘ ਬੁੱਕ ਡੀਪੂ ਆਦਿ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਦੁਕਾਨਾਂ ’ਤੇ ਗ੍ਰਾਹਕੀ ਠੱਪ ਹੋ ਚੁੱਕੀ ਹੈ ਅਤੇ ਸੀਜ਼ਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੰਦਾ ਕੱਟਣਾ ਪੈ ਰਿਹਾ ਹੈ।
-----
ਬੋਹੜੀ ਵਾਲਾ ਚੌਕ ’ਚ ਆਰਜੀ ਡਿਵਾਈਡਰ ਕੀਤਾ ਤਿਆਰ
ਪੁਲਿਸ ਪ੍ਰਸ਼ਾਸਨ ਨੇ ਜੰਡਿਆਲਾ ਰੇਲਵੇ ਕਰਾਸਿੰਗ ਨੂੰ ਸ਼ਹਿਰ ਵੱਲ ਨੂੰ ਰਸਤਾ ਖੋਲ੍ਹ ਦਿੱਤਾ ਹੈ ਅਤੇ ਸਥਾਨਕ ਬੋਹੜੀ ਵਾਲਾ ਚੌਕ ਤੋਂ ਜੰਡਿਆਲਾ ਵੱਲ ਜਾਣ ਵਾਲੀ ਸੜਕ ’ਤੇ ਆਰਜੀ ਡਿਵਾਈਡਰ ਤਿਆਰ ਕਰਕੇ ਚੌਂਕ ਵਿਚ ਵਾਹਨਾਂ ਦੇ ਘਮਾਸਾਨ ਨੂੰ ਰੋਕਣ ਦਾ ਪ੍ਰਬੰਧ ਕੀਤਾ ਹੈ। ਤਾਂ ਜੋ ਕਤਾਰ ਵਿਚ ਹੀ ਵਾਹਨ ਇਸ ਚੁਰਾਹੇ ਨੂੰ ਪਾਰ ਕਰਨ ਅਤੇ ਇਕ ਦੂਜੇ ਤੋਂ ਅੱਗੇ ਲੰਘਣ ਦੇ ਚੱਕਰ ’ਚ ਜਾਮ ਨਾ ਲੱਗੇ। ਟਰੈਫਿਕ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਵਿਭਾਗ ਦੇ ਕਰਮਚਾਰੀ ਬੋਹੜੀ ਵਾਲਾ ਚੌਂਕ ਵਿਚ ਲਗਾਤਾਰ ਤਾਇਨਾਤ ਰਹਿੰਦੇ ਹਨ ਅਤੇ ਆਵਾਜਾਈ ਨੂੰ ਤਰਤੀਬ ਨਾਲ ਚੌਂਕ ਪਾਰ ਕਰਵਾਇਆ ਜਾਂਦਾ ਹੈ। ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੰਯਮ ਤੋਂ ਕੰਮ ਲੈਂਦਿਆਂ ਆਪਣੀ ਕਤਾਰ ਵਿਚ ਹੀ ਰਹਿਣ ਤਾਂ ਜੋ ਕਿਸੇ ਨੂੰ ਵੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।