ਸ਼ਹਿਰ ਦੇ ਅੰਦਰੂਨੀ ਬਜ਼ਾਰਾਂ ਵਿਚ ਵੀ ਵਧਣ ਲੱਗੀ ਲਾਵਾਰਿਸ ਪਸ਼ੂਆਂ ਦੀ ਗਿਣਤੀ

ਕੂੜੇ ਕਰਟਕ ’ਚੋਂ ਭੋਜਨ ਤਲਾਸ਼ ਰਿਹੈ ਗਊ ਧਨ, ਹਾਦਸਿਆਂ ਦਾ ਵੀ ਬਣਿਆ ਰਹਿੰਦੈ ਖਦਸ਼ਾ
ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : cਤਰਨਤਾਰਨ ਸ਼ਹਿਰ ਦੀਆਂ ਸੜਕਾਂ ਦੇ ਨਾਲ ਨਾਲ ਹੁਣ ਗਲੀਆਂ ਅਤੇ ਮੁਹੱਲਿਆਂ ’ਚ ਵੀ ਬੇਸਹਾਰਾ ਪਸ਼ੂਆਂ ਦੀ ਗਿਣਤੀ ਵਧਣ ਲੱਗ ਪਈ ਹੈ। ਜਦੋਂਕਿ ਕੂੜੇ ਕਰਟ ਦੇ ਢੇਰਾਂ ਵਿੱਚੋਂ ਭੋਜਨ ਤਲਾਸ਼ ਰਹੇ ਗਊ ਧਨ ਉੱਪਰ ਜਿਥੇ ਬਿਮਾਰੀਆਂ ਦਾ ਖਦਸ਼ਾ ਮੰਡਰਾ ਰਿਹਾ ਹੈ। ਉਥੇ ਹੀ ਰਾਹਗੀਰਾਂ ਲਈ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਹਾਲਾਂਕਿ ਸ਼ਹਿਰ ਦੇ ਆਸ ਪਾਸ ਗਊ ਸ਼ਾਲਾਵਾਂ ਬਣੀਆਂ ਹਨ, ਪਰ ਪਸ਼ੂਆਂ ਦੀ ਵਧੇਰੇ ਗਿਣਤੀ ਦੇ ਚੱਲਦਿਆਂ ਅਨੇਕਾਂ ਪਸ਼ੂ ਅਜੇ ਵੀ ਸੜਕਾਂ ਤੇ ਬਜ਼ਾਰਾਂ ਵਿਚ ਘੁੰਮਦੇ ਵੇਖੇ ਜਾ ਸਕਦੇ ਹਨ। ਦੂਜੇ ਪਾਸੇ ਸਮਾਜ ਚਿੰਤਕਾਂ ਨੇ ਇਨਸਾਨੀ ਜ਼ਿੰਦਗੀਆਂ ਲਈ ਖਤਰਾ ਬਣਦੇ ਇਨ੍ਹਾਂ ਪਸ਼ੂਆਂ ਜੀ ਸੰਭਾਲ ਕੀਤੇ ਜਾਣ ਦੀ ਮੰਗ ਪ੍ਰਬਲਤਾ ਨਾਲ ਚੁੱਕੀ ਹੈ।
ਦੱਸਣਾ ਬਣਦਾ ਹੈ ਕਿ ਸੜਕਾਂ ’ਤੇ ਘੁੰਮਦੇ ਪਸ਼ੂਆਂ ਕਰਕੇ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਅਜਾਈਂ ਚਲੀਆਂ ਗਈਆਂ। ਬੇਸ਼ੱਕ ਸ਼ਹਿਰ ਵਿਚ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ, ਪਰ ਉਥੇ ਰੱਖੇ ਪਸ਼ੂਆਂ ਤੋਂ ਇਲਾਵਾ ਸੜਕਾਂ ’ਤੇ ਅਜੇ ਵੀ ਬਹੁਤ ਸਾਰੇ ਪਸ਼ੂ ਬੇਸਹਾਰਾ ਘੁੰਮਦੇ ਆਮ ਵੇਖੇ ਜਾ ਸਕਦੇ ਹਨ। ਸਬਜ਼ੀ ਅਤੇ ਫਲਾਂ ਆਦਿ ਵੇਚਣ ਵਾਲਿਆਂ ਵੱਲੋਂ ਸੁੱਟੀ ਜਾਂਦੀ ਰਹਿੰਦ ਖੂੰਹਦ ਦੇ ਕੋਲ ਅਜਿਹੇ ਪਸ਼ੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਤੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਦੌਰਾਨ ਪਸ਼ੂ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜਖਮੀ ਹਾਲਤ ਵਿਚ ਤੜਫ ਤੜਫ ਕੇ ਦਮ ਤੋੜ ਦਿੰਦੇ ਹਨ। ਸਮਾਜ ਚਿੰਤਕਾਂ ਦਾ ਕਹਿਣਾ ਹੈ ਕਿ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਗਊ ਸੈਸ ਦੇ ਨਾਂ ’ਤੇ ਟੈਕਸ ਵਸੂਲਿਆ ਜਾਂਦਾ ਹੈ ਪਰ ਗਊਆਂ ਦੇ ਵਿਕਾਸ ਜਾਂ ਸੰਭਾਲ ਲਈ ਬਹੁਤੇ ਉਪਰਾਲੇ ਕਿਤੇ ਵੀ ਦਿਖਾਈ ਨਹੀਂ ਦਿੰਦੇ। ਗਊਆਂ ਸੜਕਾਂ ਉੱਪਰ ਬੇਸਹਾਰਾ ਘੁੰਮਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਜਿਨ੍ਹਾਂ ਨੂੰ ਚਾਰਾ ਵੀ ਨਹੀਂ ਮਿਲਦਾ ਅਤੇ ਇਹ ਗਊ ਧਨ ਕੂੜੇ ਕਰਕਟ ਦੇ ਢੇਰਾਂ ਨੂੰ ਫਰੋਲਣ ਦੇ ਨਾਲ ਨਾਲ ਲਿਫਾਫੇ ਆਦਿ ਵੀ ਨਿਗਲ ਜਾਂਦਾ ਹੈ। ਜਿਸ ਕਾਰਨ ਉਹ ਗੰਭੀਰ ਬਿਮਾਰ ਹੋ ਕੇ ਕਈ ਵਾਰ ਦਮ ਤੋੜ ਦਿੰਦਾ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਿੱਜੀ ਗਊਸ਼ਾਲਾ ਖੋਲ ਕੇ ਗਊਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਪਰ ਉਹ ਵੀ ਜ਼ਿਆਦਾ ਗਊਆਂ ਸੰਭਾਲਣ ਦੇ ਸਮਰੱਥ ਨਹੀਂ ਜਾਪਦੇ। ਹਾਲਾਤ ਤਾਂ ਇਹ ਹਨ ਕਿ ਕਈ ਵਾਰ ਤਾਂ ਦਮ ਤੋੜ ਦੇਣ ਵਾਲੀਆਂ ਗਊਆਂ ਨੂੰ ਅਵਾਰਾ ਕੁੱਤੇ ਨੋਚਦੇ ਵੀ ਦਿਖ ਜਾਂਦੇ ਹਨ।
---
ਪੱਤਰਕਾਰਾਂ ਦੀ ਗੱਡੀ ਨਾਲ ਟਕਰਵਾਇਆ ਲਾਵਾਰਿਸ ਪਸ਼ੂ
ਲਾਵਾਰਿਸ ਪਸ਼ੂਆਂ ਨਾਲ ਹਾਦਸਿਆਂ ਦਾ ਖਦਸ਼ਾ ਧੁੰਦ ਦੌਰਾਨ ਹੋਰ ਵਧ ਗਿਆ ਹੈ। ‘ਪੰਜਾਬੀ ਜਾਗਰਣ’ ਦੇ ਸਰਹੱਦੀ ਖੇਤਰ ਨਾਲ ਸਬੰਧਤ ਦੋ ਪੱਤਰਕਾਰ ਦਲਜਿੰਦਰ ਸਿੰਘ ਅਤੇ ਜਗਦੀਸ਼ ਰਾਜ ਵੀ ਅਜਿਹੇ ਇਕ ਹਾਦਸੇ ਦਾ ਉਸ ਵੇਲੇ ਸ਼ਿਕਾਰ ਹੋ ਗਏ ਜਦੋਂ ਉਹ ਸ਼ਾਮ ਸਮੇਂ ਆਪਣੀ ਕਾਰ ਵਿਚ ਕਿਸੇ ਕੰਮ ਲਈ ਜਾ ਰਹੇ ਸੀ ਤਾਂ ਅਚਾਨਕ ਅੱਗੇ ਲਾਵਾਰਿਸ ਪਸ਼ੂ ਆ ਗਿਆ। ਜਿਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ। ਗਨੀਮਤ ਇਹ ਰਹੀ ਕਿ ਉਹ ਇਸ ਹਾਦਸੇ ਵਿਚ ਉਹ ਕਿਸੇ ਤਰ੍ਹਾਂ ਦੀ ਸੱਟ ਲੱਗਣ ਤੋਂ ਬਚ ਗਏ।
---
ਬੇਸਹਾਰਾ ਪਸ਼ੂਆਂ ਦੀ ਸੰਭਾਲ ਪ੍ਰਤੀ ਗੰਭੀਰ ਹੋਵੇ ਪ੍ਰਸ਼ਾਸਨ : ਹਰਜੀਤ ਸਿੰਘ ਹੀਰਾ
ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਹੀਰਾ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਕਿਉਂਕਿ ਅਜਿਹੇ ਪਸ਼ੂ ਹਾਦਸਿਆਂ ਦਾ ਕਾਰਨ ਬਣਕੇ ਮਨੁੱਖੀ ਜਾਨਾਂ ਦਾ ਖੌਅ ਬਣ ਜਾਂਦੇ ਹਨ। ਜਦੋਂ ਕਿਤੇ ਇਹ ਪਸ਼ੂ ਜਖਮੀ ਹੋ ਕੇ ਜਾਂ ਬਿਮਾਰ ਹੋ ਕੇ ਸੜਕਾਂ ’ਤੇ ਦਮ ਤੋੜਦੇ ਹਨ ਤਾਂ ਪ੍ਰਦੂਸ਼ਣ ਵੀ ਫੈਲਦਾ ਹੈ। ਉਨ੍ਹਾਂ ਨੇ ਕਿਹਾ ਕਿ ਗਊਸ਼ਾਲਾ ਨਿੱਜੀ ਹੋਵੇ ਜਾਂ ਸਰਕਾਰੀ, ਇਨ੍ਹਾਂ ਦੀ ਸਮਰੱਥਾ ਵਧਾਉਣ ਦੀ ਲੋੜ ਹੈ।
-----
ਸੜਕਾਂ ’ਤੇ ਘੁੰਮਦੇ ਪਸ਼ੂਆਂ ਲਈ ਬਣਨ ਰਿਫਲੈਕਟਰ : ਰਮਨੀਕ ਖੇੜਾ
ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ‘ਸਾਥ’ ਦੇ ਚੇਅਰਮੈਨ ਰਮਨੀਕ ਸਿੰਘ ਖੇੜਾ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਗਊ ਸੈਸ ਦੇ ਨਾਂ ਦਾ ਟੈਕਸ ਤਾਂ ਵਸੂਲ ਲਿਆ ਜਾਂਦਾ ਹੈ। ਪਰ ਲਾਚਾਰ ਤੇ ਬਿਮਾਰ ਪਸ਼ੂਆਂ ਦੀ ਸਾਂਭ ਸੰਭਾਲ ਜਾਂ ਭਲਾਈ ਵਾਸਤੇ ਕੋਈ ਬਹੁਤੇ ਕੰਮ ਹੁੰਦੇ ਦਿਖਾਈ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਹਨੇਰੇ ਵਿਚ ਲਾਵਾਰਿਸ ਪਸ਼ੂ ਸੜਕਾਂ ’ਤੇ ਹਾਦਸਿਆਂ ਦਾ ਕਾਰਨ ਨਾ ਬਣਨ, ਇਸ ਲਈ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਰ ਜ਼ਰੂਰ ਪਾਏ ਜਾਣ।
---
ਅਕਸਰ ਸ਼ੋਸ਼ਲ ਮੀਡੀਆਂ ’ਤੇ ਦਿਸਦੇ ਹਨ ਪਸ਼ੂਆਂ ਦੇ ਹਮਲੇ : ਸਾਹਿਲ
ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦਾ ਕਹਿਣਾ ਹੈ ਕਿ ਗਲੀਆਂ ਵਿਚ ਵੀ ਪਸ਼ੂਆਂ ਦੀ ਗਿਣਤੀ ਵਧਣਾ ਚਿੰਤਾਜਨਕ ਹੈ। ਕਿਉਂਕਿ ਗਲੀਆਂ ਬਾਜ਼ਾਰਾਂ ਵਿਚ ਅਕਸਰ ਬਜ਼ੁਰਗ, ਔਰਤਾਂ ਅਤੇ ਬੱਚੇ ਲੰਘਦੇ ਹਨ। ਜਿਨ੍ਹਾਂ ਉੱਪਰ ਇਹ ਪਸ਼ੂ ਕਿਸੇ ਵੇਲੇ ਵੀ ਹਿੰਸਕ ਹੋ ਕੇ ਹਮਲਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਮਲਿਆਂ ਦੀਆਂ ਕਈ ਵੀਡੀਓ ਸ਼ੋਸ਼ਲ ਮੀਡੀਆ ’ਤੇ ਆਮ ਦਿਖਾਈ ਦੇ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਪ੍ਰਸ਼ਾਸਨ ਅਜਿਹੇ ਪਸ਼ੂਆਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਕਰੇ।