ਵਿਆਹੇ ਜੋੜਿਆਂ ਨੂੰ ਇਕੱਠੇ ਕਰਨ ਦਾ ਸਬੱਬ ਬਣੀ ਨੈਸ਼ਨਲ ਲੋਕ ਅਦਾਲਤ
ਵੱਖ ਵੱਖ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕਰਨ ਦਾ ਸਬਬ ਬਣੀ ਨੈਸ਼ਨਲ ਲੋਕ ਅਦਾਲਤ
Publish Date: Sat, 13 Dec 2025 06:04 PM (IST)
Updated Date: Sat, 13 Dec 2025 06:06 PM (IST)

-ਸਾਲਾਂ ਪੁਰਾਣੇ ਝਗੜੇ ਸਹਿਮਤੀ ਨਾਲ ਮੁੱਕੇ -9808 ਕੇਸਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ ਸਟਾਫ ਰਿਪੋਟਰ, •ਪੰਜਾਬੀ ਜਾਗਰਣ, ਤਰਨਤਾਰਨ ਸ਼ਨਿਚਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਤਰਨਤਾਰਨ ਸੈਸ਼ਨਜ਼ ਡਵੀਜ਼ਨ ਵਿਚ ਅੱਜ ਵੱਡੇ ਪੱਧਰ ’ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਤੇ ਜਨਤਾ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਕੁੱਲ 8 ਬੈਂਚ ਬਣਾਏ ਗਏ ਹਨ, ਜਿਨ੍ਹਾਂ ਵਿਚ ਪਹਿਲਾ ਬੈਂਚ ਪ੍ਰੇਮ ਕੁਮਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਦੂਸਰਾ ਬੈਂਚ ਮਨੋਜ ਕੁਮਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ (ਪ੍ਰਿੰਸੀਪਲ ਜੱਜ ਫੈਮਿਲੀ ਕੋਰਟ) ਤਰਨਤਾਰਨ, ਤੀਸਰਾ ਬੈਂਚ ਪੰਕਜ ਵਰਮਾ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਤਰਨਤਾਰਨ, ਚੌਥਾ ਬੈਂਚ ਰਮੇਸ਼ ਕੁਮਾਰ ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨਤਾਰਨ ਅਤੇ ਪੰਜਵਾ ਬੈਂਚ ਅਜੈਬ ਸਿੰਘ ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ’ਤੇ ਅਧਾਰਿਤ ਸੀ। ਇਸ ਤੋਂ ਇਲਾਵਾ ਪੱਟੀ ਵਿਖੇ ਦੋ ਬੈਂਚ ਸਿਮਰਜੀਤ ਸਿੰਘ ਸਿਵਲ ਜੱਜ ਜੂਨੀਅਰ ਡੀਵੀਜ਼ਨ ਅਤੇ ਕਰਨਜੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਦਾ ਸੀ। ਇਸੇ ਤਰ੍ਹਾਂ ਖਡੂਰ ਸਾਹਿਬ ਵਿਖੇ ਇਕ ਬੈਂਚ ਰਾਜਦੀਪ ਸਿੰਘ ਮਾਨ ਸਿਵਲ ਜੱਜ ਜੂਨੀਅਰ ਡਵੀਜ਼ਨ ਖਡੂਰ ਸਾਹਿਬ ’ਚ ਲੋਕ ਅਦਾਲਤ ਦੇ ਬੈਚਾਂ ਦੇ ਪ੍ਰੀਜ਼ਾਈਡਿੰਗ ਅਫਸਰਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਬਹੁਤ ਹੀ ਸਹਿਜਤਾ, ਸੰਵੇਦਨਸ਼ੀਲਤਾ ਨਾਲ ਪਬਲਿਕ ਦੇ ਨਾਲ, ਆਹਮੋ-ਸਾਹਮਣੇ ਬੈਠ ਕੇ ਉਨ੍ਹਾਂ ਦੇ ਝਗੜਿਆਂ, ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਝਗੜਾ ਖਤਮ ਕਰਨ ਦੇ ਫਾਈਦੇ ਦੱਸਦੇ ਹੋਏ ਆਪਸੀ ਸਹਿਮਤੀ ਨਾਲ ਕੇਸ ਨਿਬੇੜਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿਚ ਸਮੇਂ ਸਮੇਂ ਤੇ ਪ੍ਰੀ ਲੋਕ ਅਦਾਲਤਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਚੀਫ ਜੂਡੀਸ਼ੀਅਲ ਮੈਜੀਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਿਲਪਾ ਨੇ ਦੱਸਿਆ ਕਿ ਪਬਲਿਕ ਨੂੰ ਵੱਧ ਤੋਂ ਵੱਧ ਕੌਮੀ ਲੋਕ ਅਦਾਲਤ ਵਿਚ ਭਾਗ ਲੈਣ ਚਾਹੀਦਾ ਹੈ ਅਤੇ ਇਸ ਦਾ ਫਾਈਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ 14 ਮਾਰਚ 2026 ਨੂੰ ਲੱਗ ਰਹੀ ਹੈ। ਇਸ ਸਬੰਧੀ ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968, ਕੌਮੀ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਬਾਕਸ- ਲੋਕ ਅਦਾਲਤ ’ਚ 11 ਕਰੋੜ 11 ਲੱਖ 83 ਹਜਾਰ 509 ਰੁਪਏ ਦੀ ਰਕਮ ਦੇ ਫੈਸਲੇ ਕੀਤੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਲੋਕ ਅਦਾਲਤ ਦੇ ਪ੍ਰੀਜਾਈਡਿੰਗ ਅਫਸਰਾਂ ਨੇ ਪਬਲਿਕ ਦੀ ਸਹਿਮਤੀ ਨਾਲ ਇਸ ਵਾਰ ਦੀ ਕੌਮੀ ਲੋਕ ਅਦਾਲਤ ਵਿਚ ਕੁੱਲ 10 ਹਜਾਰ 967 ਕੇਸ ਰੱਖੇ ਗਏ ਸਨ। ਜਿਨ੍ਹਾਂ ਵਿੱਚੋਂ 9808 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 11 ਕਰੋੜ 11 ਲੱਖ 83 ਹਜਾਰ 509 ਰੁਪਏ ਦੀ ਰਕਮ ਦੇ ਫੈਸਲੇ ਕੀਤੇ ਗਏ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਲੋਕ ਅਦਾਲਤ ਵਿਚ ਕਿਸੇ ਕੇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ਵਿਚ ਲੱਗੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ। ਬਾਕਸ- ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ ਚੇਅਰਮੈਨ ਕਮ ਸ਼ੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਰਾਹੀਂ ਕੇਸ ਹੱਲ ਕਰਨ ਦੇ ਬੜੇ ਫਾਈਦੇ ਹਨ। ਕਿਉਂਕਿ ਕੌਮੀ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ। ਆਪਸੀ ਸਹਿਮਤੀ ਨਾਲ ਨਿਬੜੇ ਕੇਸਾਂ ਵਿਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ। ਬਾਜਵਾ ਨੇ ਅੱਗੇ ਦੱਸਿਆ ਕਿ ਸਾਰੀਆਂ ਧਿਰਾਂ ਦੇ ਵਕੀਲਾਂ ਨੇ ਇਸ ਕੌਮੀ ਲੋਕ ਅਦਾਲਤ ਵਿਚ ਬੜੀ ਚੰਗੀ ਦਿਲਚਸਪੀ ਦਿਖਾਈ ਅਤੇ ਅੱਜ ਦੀ ਕੌਮੀ ਲੌਕ ਅਦਾਲਤ ਦੀ ਸਫਲਤਾ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਨੇਕਾ ਜਾਗਰੂਕਤਾ ਕੈਂਪ, ਮੀਟਿਗਾਂ ਕੀਤੀਆਂ ਗਈਆਂ, ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।