ਤਰਨਤਾਰਨ ਕੈਮਿਸਟ ਐਸੋਸੀਏਸ਼ਨ ਦੇ ਸ਼ਹਿਰੀ ਪ੍ਰਧਾਨ ਦੀ ਦੁਕਾਨ ’ਤੇ ਵੜੇ ਦੋ ਲੁਟੇਰੇ
ਤਰਨਤਾਰਨ ਕੈਮਿਸਟ ਐਸੋਸੀਏਸ਼ਨ ਦੇ ਸ਼ਹਿਰੀ ਪ੍ਰਧਾਨ ਦੀ ਦੁਕਾਨ ’ਤੇ ਵੜੇ ਦੋ ਲੁਟੇਰੇ
Publish Date: Sat, 13 Dec 2025 05:11 PM (IST)
Updated Date: Sat, 13 Dec 2025 05:12 PM (IST)

-ਪਿਸਤੌਲ ਦੇ ਜ਼ੋਰ ’ਤੇ ਲੁੱਟਣ ਦੀ ਕੋਸ਼ਿਸ਼, ਅੱਗੋਂ ਮੁਕਾਬਲਾ ਕਰ ਕੇ ਬਚਿਆ ਕੈਮਿਸਟ -ਜ਼ਿਲ੍ਹਾ ਪ੍ਰਧਾਨ ਨੇ ਕੀਤੀ ਘਟਨਾ ਦੀ ਨਿਖੇਧੀ, ਕਿਹਾ- ਸਰਕਾਰ ਸੁਰੱਖਿਆ ਦਾ ਕਰੇ ਪ੍ਰਬੰਧ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਕੈਮਿਸਟ ਐਸੋਸੀਏਸ਼ਨ ਦੇ ਸ਼ਹਿਰੀ ਪ੍ਰਧਾਨ ਸੰਜੇ ਗੁਪਤਾ ਦੀ ਅਨਮੋਲ ਫਾਰਮਾਸਿਊਟੀਕਲ ਨਾਂ ਦੇ ਮੈਡੀਕਲ ਸਟੋਰ ’ਤੇ ਲੰਘੀ ਰਾਤ ਕਰੀਬ 9 ਵਜੇ ਪਿਸਤੌਲ ਤੇ ਦਾਤ ਲੈ ਕੇ ਦੋ ਲੁਟੇਰੇ ਆ ਵੜੇ, ਜਿਨ੍ਹਾਂ ਨੇ ਪਹਿਲਾਂ ਉਸ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸਦੇ ਗੱਲੇ ’ਚੋਂ ਨਕਦੀ ਲੁੱਟਣੀ ਚਾਹੀ ਪਰ ਇਸੇ ਦੌਰਾਨ ਦੁਕਾਨਦਾਰ ਨੇ ਲੁਟੇਰਿਆਂ ਦਾ ਮੁਕਾਬਲਾ ਸ਼ੁਰੂ ਕਰ ਦਿੱਤਾ ਅਤੇ ਦੋਵੇਂ ਜਣੇ ਫਰਾਰ ਹੋ ਗਏ। ਦੁਕਾਨ ਅੰਦਰ ਹੋਏ ਘਟਨਾਕ੍ਰਮ ਦੀ ਵੀਡੀਓ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀ ਹੋ ਗਈ, ਜਦੋਂਕਿ ਡੀਐੱਸਪੀ ਸਿਟੀ ਸੁਖਬੀਰ ਸਿੰਘ ਤੇ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰੀਕ ਸਿੰਘ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਾਰੋਬਾਰੀਆਂ ਨਾਲ ਵਾਪਰ ਰਹੀਆਂ ਲੁੱਟ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਸਰਕਾਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ। ਸੰਜੇ ਗੁਪਤਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਰਾਤ ਕਰੀਬ 9 ਵਜੇ ਆਪਣੀ ਦੁਕਾਨ ’ਤੇ ਇਕੱਲਾ ਬੈਠਾ ਸੀ। ਇਸੇ ਦੌਰਾਨ ਦੋ ਨਕਾਬਪੋਸ਼ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਉਸਦੇ ਹੱਥ ਵਿਚ ਫੜਿਆ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਕਾਊਂਟਰ ਤੋਂ ਪਿੱਛੇ ਹਟ ਗਿਆ ਤਾਂ ਲੁਟੇਰੇ ਜਿਨ੍ਹਾਂ ਕੋਲ ਪਿਸਤੌਲ ਤੇ ਦਾਤਰ ਸੀ, ਨੇ ਉਸ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਕੇ ਨਕਦੀ ਦੀ ਮੰਗ ਕੀਤੀ। ਉਨ੍ਹਾਂ ਨੇ ਉਸਦੇ ਗੱਲੇ ਦੀ ਫਰੋਲਾ ਫਰਾਲੀ ਵੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਦੇ ਹੱਥ ਨਕਦੀ ਨਹੀਂ ਲੱਗੀ। ਉਹ ਵਾਰ ਵਾਰ ਪੈਸਿਆਂ ਦੀ ਮੰਗ ਕਰਨ ਲੱਗੇ ਤਾਂ ਉਸਦੇ ਹੱਥ ਬੋਰੀਆਂ ਲੋਡ ਕਰਨ ਵਾਲੀ ਕੁੰਡੀ ਆ ਗਈ, ਜਿਸ ਨਾਲ ਉਸਨੇ ਲੁਟੇਰਿਆਂ ਦਾ ਮੁਕਾਬਲਾ ਸ਼ੁਰੂ ਕਰ ਦੱਤਾ। ਉਨ੍ਹਾਂ ਨੇ ਵੀ ਉਸ ਉੱਪਰ ਦਾਤਰ ਦੇ ਵਾਰ ਕੀਤੇ ਅਤੇ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਗੋਲ਼ੀ ਨਹੀਂ ਚੱਲੀ। ਉਸ ਨੇ ਜਦੋਂ ਤੇਜ਼ੀ ਨਾਲ ਮੁਕਾਬਲਾ ਕੀਤਾ ਤਾਂ ਦੋਵੇਂ ਲੁਟੇਰੇ ਫ਼ਰਾਰ ਹੋ ਗਏ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਆਪਣਾ ਬਚਾਅ ਕਰ ਲਿਆ ਗਿਆ ਹੈ ਤੇ ਲੁੱਟ ਹੋਣੋਂ ਬਚ ਗਈ। ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਇਸ ਵਿਚਲੇ ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। -- ਬਾਕਸ ਹਜ਼ਾਰਾਂ ਰੁਪਏ ਦੀ ਫਾਈਲ, ਵਪਾਰੀ ਕਿਵੇਂ ਬਣਾਉਣ ਲਾਇਸੈਂਸ : ਗੁਪਤਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਗੁਪਤਾ ਵੀ ਅਨਮੋਲ ਫਾਰਮਾਸਿਊਟੀਕਲ ’ਤੇ ਪੁੱਜੇ ਅਤੇ ਆਪਣੇ ਸਾਥੀਆਂ ਸਮੇਤ ਸਮੁੱਚੀ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਡੀਐੱਸਪੀ ਸੁਖਬੀਰ ਸਿੰਘ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਦਵਾਈਆਂ ਦਾ ਕਾਰੋਬਾਰ ਐਮਰਜੈਂਸੀ ਨਾਲ ਜੁੜਿਆ ਹੋਇਆ ਹੈ ਅਤੇ ਸਵੇਰੇ ਜਲਦ ਤੇ ਰਾਤ ਸਭ ਤੋਂ ਦੇਰ ਨਾਲ ਇਹ ਦੁਕਾਨਾਂ ਬੰਦ ਹੁੰਦੀਆਂ ਹਨ ਤਾਂ ਜੋ ਕਈ ਮਰੀਜ਼ ਦਵਾਈ ਤੋਂ ਵਾਂਝਾ ਨਾ ਰਹਿ ਸਕੇ ਪਰ ਅਫਸੋਸ ਕਿ ਇਹ ਕਾਰੋਬਾਰ ਲੁਟੇਰਿਆਂ ਦੇ ਨਿਸ਼ਾਨੇ ’ਤੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਰੁਪਏ ਦੀ ਫਾਈਲ ਖਰੀਦ ਕੇ ਵਪਾਰੀ ਅਸਲਾ ਲਾਇਸੈਂਸ ਨਹੀਂ ਬਣਵਾ ਸਕਦਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਵਪਾਰੀ ਸਰਕਾਰ ਨੂੰ ਟੈਕਸ ਅਦਾ ਕਰਦਾ ਹੈ, ਉਸਦਾ ਜੀਐੱਸਟੀ ਨੰਬਰ ਲਵੇ ਤੇ ਫਾਈਲ ਸਰਕਾਰੀ ਫੀਸ ਮੁਤਾਬਿਕ ਜਾਰੀ ਕਰ ਕੇ ਬਿਨਾਂ ਕਿਸੇ ਵਾਧੂ ਪੈਸੇ ਦੇ ਲਾਇਸੈਂਸ ਬਣਾਉਣ ਦਾ ਪ੍ਰਬੰਧ ਕਰੇ ਤਾਂ ਜੋ ਰਾਤ ਨੂੰ ਕਾਰੋਬਾਰ ਦੌਰਾਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋ ਸਕੇ। -- ਬਾਕਸ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਹੂਟਰ ਲਗਾਉਣ ਲਈ ਕਿਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਗੁਪਤਾ ਨੇ ਸਾਰੇ ਕੈਮਿਸਟਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ ’ਤੇ ਸੀਸੀਟੀਵੀ ਕੈਮਰੇ ਤੇ ਹੂਟਰ ਲਗਵਾਉਣ। ਜਦੋਂ ਵੀ ਕਿਸੇ ਗ਼ੈਰ-ਸਮਾਜਿਕ ਅਨਸਰ ਦੇ ਦੁਕਾਨ ਅੰਦਰ ਦਾਖ਼ਲ ਹੋਣ ਦਾ ਪਤਾ ਲੱਗੇ ਤਾਂ ਤੁਰੰਤ ਹੂਟਰ ਵਜਾ ਦਿੱਤਾ ਜਾਵੇ ਤਾਂ ਜੋ ਆਸ ਪਾਸ ਦੇ ਦੁਕਾਨਦਾਰ ਅਲਰਟ ਹੋ ਜਾਣ ਅਤੇ ਲੁੱਟ ਤੋਂ ਬਚਾਅ ਹੋ ਸਕੇ। ਇਸ ਮੌਕੇ ਲਲਿਤ ਕੁਮਾਰ ਸ਼੍ਰੀ ਚਾਮੁੰਡਾ ਸੇਵਕ ਸਭਾ ਵਾਲੇ, ਨੀਰਜ ਗੁਪਤਾ ਅਗਰਵਾਲ ਸਭਾ, ਭਾਜਪਾ ਆਗੂ ਦੀਪਕ ਕੈਰੋਂ, ਮੁਨੀਸ਼ ਅਰੋੜਾ ਜਨਰਲ ਸੈਕਟਰੀ ਕੈਮਿਸਟ ਐਸੋਸੀਏਸ਼ਨ, ਬੀਰੂ ਰਾਮ, ਜਤਿੰਦਰਜੀਤ ਸਿੰਘ, ਨਰਿੰਦਰ ਪੁਰੀ, ਰੋਹਿਤ ਭਾਰਦਵਾਜ, ਪ੍ਰਿਤਪਾਲ ਸਿੰਘ, ਅਸ਼ਵਨੀ ਕੁਮਾਰ ਐੱਸਕੇ, ਰਾਹੁਲ ਸੋਨੀ ਸ਼੍ਰੀ ਚਾਮੁੰਡਾ ਸੇਵਕ ਸਭਾ ਵਾਲਿਆਂ ਸਮੇਤ ਹੋਰ ਸ਼ਹਿਰ ਵਾਸੀਆਂ ਨੇ ਵੀ ਲੁੱਟ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ।