ਪੱਟੀ ’ਚ ਹਰ ਪਾਸੇ ਟ੍ਰੈਫਿਕ ਦੀ ਸਮੱਸਿਆ, ਸਕੂਲ ਛੁੱਟੀ ਸਮੇਂ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਠੀ
ਪੱਟੀ ’ਚ ਹਰ ਪਾਸੇ ਟ੍ਰੈਫਿਕ ਦੀ ਸਮੱਸਿਆ, ਸਕੂਲ ਛੁੱਟੀ ਸਮੇਂ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਠੀ
Publish Date: Fri, 12 Dec 2025 04:25 PM (IST)
Updated Date: Fri, 12 Dec 2025 04:27 PM (IST)

ਬੱਲੂ ਮਹਿਤਾ• ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆਂ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਦਿਖਾਈ ਦਿੰਦਾ ਅਤੇ ਨਾ ਹੀ ਨਗਰ ਕੌਂਸਲ ਕੋਈ ਕਾਰਵਾਈ ਕਰਦੀ ਹੈ। ਕਚਹਿਰੀ ਰੋਡ ਫਾਟਕ ’ਤੇ ਜਾਮ ਲੱਗਾ ਰਹਿੰਦਾ ਹੈ। ਇਸ ਰੋਡ ’ਤੇ ਤਹਿਸੀਲ ਕੰਪਲੈਕਸ, ਐੱਸਡੀਐੱਮ ਕੰਪਲੈਕਸ, ਬਲਾਕ ਦਫ਼ਤਰ, ਡੀਐੱਸਪੀ ਦਫ਼ਤਰ ਅਤੇ ਦੋ ਸਕੂਲ ਹਨ। ਸਕੂਲ ਛੁੱਟੀ ਸਮੇਂ ਤਾਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਹਰਜੀਤ ਸਿੰਘ, ਸਤਨਾਮ ਸਿੰਘ, ਅਜੇ ਪ੍ਰਧਾਨ, ਰਾਜ ਕੁਮਾਰ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਇਥੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਬੱਸ ਅੱਡੇ ਨੇੜੇ ਸਕੂਲ ਛੁੱਟੀ ਸਮੇਂ ਜਾਮ ਲੱਗ ਜਾਦਾ ਹੈ। ਗੱਡੀਆਂ ਸੜਕਾਂ ’ਤੇ ਖੜ੍ਹੀਆਂ ਰਹਿੰਦੀਆਂ ਹਨ ਅਤੇ ਬੱਸਾਂ ਵਾਲੇ ਵੀ ਰਾਹ ਵਿਚ ਬੱਸਾਂ ਖਲਾਰ ਕੇ ਸਵਾਰੀਆਂ ਉਤਾਰਦੇ ਅਤੇ ਦੂਜੀਆਂ ਬੱਸਾਂ ਵਿਚ ਬਿਠਾਉਂਦੇ ਹਨ। ਈ-ਰਿਕਸ਼ਾ ਵਾਲੇ ਵੀ ਬੱਸ ਅੱਡੇ ਦੇ ਬਾਹਰ ਖੜ੍ਹੇ ਰਹਿੰਦੇ ਹਨ। ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਜਦੋਂ ਲੋਕ ਇਨ੍ਹਾਂ ਨੂੰ ਸਾਈਡ ’ਤੇ ਕਰਨ ਲਈ ਕਹਿੰਦੇ ਹਨ ਤਾਂ ਅੱਗੋਂ ਝਗੜਦੇ ਹਨ। ਦੁਕਾਨਦਾਰਾਂ ਵੱਲੋਂ ਵੀ ਸਾਮਾਨ ਆਪਣੀ ਹਦੂਦ ਤੋਂ ਅੱਗੇ ਰੱਖਿਆ ਹੁੰਦਾ ਹੈ, ਜਿਸ ਕਾਰਨ ਜਾਮ ਲੱਗ ਜਾਂਦਾ ਹੈ। ਸ਼ਹਿਰ ਨਿਵਾਸੀਆਂ ਨੇ ਨਗਰ ਕੌਂਸਲ ਪੱਟੀ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਟ੍ਰੈਫਿਕ ਸਮੱਸਿਆ ਦਾ ਕੱਢਿਆ ਜਾਵੇ ਹੱਲ : ਬਲਵੰਤ ਸਿੰਘ ਬੰਟੀ ਸੰਸਥਾ ਦੇ ਪ੍ਰਧਾਨ ਬਲਵੰਤ ਸਿੰਘ ਬੰਟੀ ਨੇ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਲੋਕਾਂ ਲਈ ਵੱਡਾ ਸਿਰਦਰਦ ਬਣੀ ਹੋਈ ਹੈ। ਹਰ ਪਾਸੇ ਜਾਮ ਹੀ ਜਾਮ ਨਜ਼ਰ ਆ ਰਿਹਾ ਹੈ। ਪਰ ਟ੍ਰੈਫਿਕ ਵਿਭਾਗ ਦਾ ਇਸ ਪਾਸੇ ਕੋਈ ਧਿਆਨ ਨਹੀਂ। ਸ਼ਹਿਰ ਵਿਚ ਕੋਈ ਵੀ ਟ੍ਰੈਫਿਕ ਮੁਲਾਜ਼ਮ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੁਝ ਕਰਦਾ ਦਿਖਾਈ ਨਹੀਂ ਦਿੰਦਾ। ਜਿਸ ਕਾਰਨ ਆਮ ਜਨਤਾ ਖੁਦ ਹੀ ਟ੍ਰੈਫਿਕ ਵਿਭਾਗ ਦਾ ਕੰਮ ਕਰਦੀ ਨਜ਼ਰੀ ਪੈਂਦੀ ਹੈ। ਬੱਸ ਅੱਡੇ ਦੇ ਬਾਹਰ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ : ਸੋਭਾ ਸਿੰਘ ਸੋਭਾ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਾਲਜ ਰੋਡ, ਮੇਨ ਬਾਜ਼ਾਰ, ਲਾਹੌਰ ਰੋਡ, ਘਾਟੀ ਬਜ਼ਾਰ, ਕਚਹਿਰੀ ਰੋਡ ਅਤੇ ਬੱਸ ਸਟੈਂਡ ਦੇ ਨਜ਼ਦੀਕ ਜਾਮ ਕਾਰਨ ਲੋਕਾਂ ਦਾ ਪੈਦਲ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਪਰ ਟ੍ਰੈਫਿਕ ਵਿਵਸਥਾ ਨੂੰ ਸਹੀ ਕਰਕੇ ਲੋਕਾਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਲਈ ਕੋਈ ਵੀ ਵਿਭਾਗ ਸਾਹਮਣੇ ਨਹੀਂ ਆ ਰਿਹਾ। ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਵਿਗੜੀ ਹੋਈ ਟ੍ਰੈਫਿਕ ਸਮੱਸਿਆ ਨੂੰ ਕਾਬੂ ਹੇਠ ਲਿਆਂਦਾ ਜਾਵੇ।