‘ਆਪ’ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ : ਸ਼ਵੇਤ ਮਲਿਕ
ਪੰਜਾਬ ਦੇ ਬਦ ਤੋਂ ਬਦਤਰ ਹੋ ਚੁੱਕੇ ਹਲਾਤਾਂ ਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ - ਸ਼ਵੇਤ ਮਲਿਕ
Publish Date: Fri, 12 Dec 2025 04:11 PM (IST)
Updated Date: Fri, 12 Dec 2025 04:12 PM (IST)

ਸਤਨਾਮ ਸਿੰਘ ਚੀਮਾ• ਪੰਜਾਬੀ ਜਾਗਰਣ, ਸਭਰਾ ਪੰਜਾਬ ਅੰਦਰ ਅੱਜ ਚਾਰੇ ਪਾਸੇ ਧੱਕੇਸ਼ਾਹੀ, ਗੁੰਡਾਰਾਜ, ਕਤਲੋਗਾਰਦ ਦਾ ਮਾਹੌਲ ਬਣਿਆ ਪਿਆ ਹੈ, ਅਤੇ ਇਸ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਗੁਰੂਆਂ ਪੀਰਾਂ ਦੀ ਹੱਸਦੀ ਵੱਸਦੀ ਨੱਚਦੀ ਪੰਜਾਬ ਦੀ ਧਰਤੀ ਹੁਣ ਕਾਲੇ ਦਿਨਾਂ ਦੇ ਦੁੱਖ ਝੱਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਰਾਜ ਸਭਾ ਮੈਂਬਰ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਸ਼ਵੇਤ ਮਲਿਕ ਨੇ ਪਿੰਡ ਸਭਰਾ ਵਿਖੇ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਸੇਸ਼ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੀ ਸਮੁੱਚੀ ਟੀਮ ਸਮੇਤ ਮੌਜੂਦ ਸਨ। ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਸਭਰਾ ਤੋਂ ਉਮੀਦਵਾਰ ਜਸਬੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਧ ਸੰਧੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਦੇ ਲਏ ਗਏ ਸੰਕਲਪ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਹ ਵੀ ਕਿਹਾ ਕਿ ਪੰਜਾਬ ਨੂੰ ਸਿਰਫ ਭਾਜਪਾ ਹੀ ਮੁੜ ਲੀਹਾਂ ਤੇ ਲਿਆ ਸਕਦੀ ਹੈ। ਜ਼ਿਲ੍ਹਾ ਪ੍ਰੀਸ਼ਦ ਜੋਨ ਸਭਰਾ ਤੋਂ ਆਏ ਸੈਂਕੜੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਤੁਸੀਂ ਸਾਰੇ ਇਸੇ ਜ਼ਜਬੇ ਨਾਲ ਚੋਣ ਮੈਦਾਨ ਵਿਚ ਡਟੇ ਰਹੋ, ਲੋਕ ਹੁਣ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਨ ਲੱਗੇ ਹਨ, ਕਿਉਂਕਿ ਹੁਣ ਲੋਕਾਂ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਹੀ ਪੰਜਾਬ ਦੇ ਲੋਕਾਂ ਦਾ ਜੀਵਨ ਸੁਧਾਰ ਸਕਦੀ ਹੈ। ਇਸ ਲਈ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਸਾਰੇ ਰਲ ਕੇ ਪਾਈਏ ਅਤੇ ਇਸ ਪੱਛੜੇ ਖੇਤਰ ਦੇ ਵਿਕਾਸ ਲਈ ਯੋਗਦਾਨ ਕਰੀਏ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਨੇ ਕਿਹਾ ਕਿ ਸਭਰਾ ਅਤੇ ਆਸ ਪਾਸੇ ਦੇ ਪਿੰਡਾਂ ਦੀ ਚਿਰਾਂ ਦੀ ਲਟਕਦੀ ਆ ਰਹੀ ਦਰਿਆ ਦੇ ਬੰਨ ਦੀ ਮੰਗ ਪੂਰੀ ਜ਼ਰੂਰ ਹੋਵੇਗੀ, ਕਿਉਂਕਿ ਪੰਜਾਬ ਦੇ ਹਲਾਤ ਅਤੇ ਵਿਕਾਸ ਕਿਸੇ ਤੋਂ ਲੁਕੇ ਛੁਪੇ ਨਹੀਂ ਹਨ। ਇਕ ਵਾਰ ਭਾਜਪਾ ਉਮੀਦਵਾਰ ਨੂੰ ਜਿਤਾਓ ਇਸ ਇਲਾਕੇ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ, ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜ਼ਿਲ੍ਹਾ ਸਕੱਤਰ ਰੋਹਿਤ ਕੁਮਾਰ ਵੇਦੀ, ਸਰਕਲ ਪ੍ਰਧਾਨ ਵਿਜੇ ਵਿਨਾਇਕ, ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਾਬਕਾ ਸਰਕਲ ਪ੍ਰਧਾਨ ਹਰਪਾਲ ਸੋਨੀ, ਤਰਸੇਮ ਸਿੰਘ, ਸੀਨੀਅਰ ਆਗੂ ਮਨਪ੍ਰੀਤ ਸਿੰਘ, ਸੀਨੀਅਰ ਆਗੂ ਕੇਹਰ ਸਿੰਘ, ਜਗਤਾਰ ਸਿੰਘ ਤੁੰਗ, ਸਾਬਕਾ ਸਰਕਲ ਪ੍ਰਧਾਨ ਗੁਰਦੇਵ ਸਿੰਘ, ਰਵਿੰਦਰ ਸਿੰਘ ਰਵੀ, ਸ਼ਿਵ ਕੁਮਾਰ ਮਲਹੋਤਰਾ, ਸਤਨਾਮ ਸਿੰਘ ਭੰਗਾਲਾ, ਲਖਵਿੰਦਰ ਸਿੰਘ ਕੁੱਤੀਵਾਲਾ, ਹਰਜੀਤ ਸਿੰਘ ਚੀਮਾ, ਬਲਜੀਤ ਸਿੰਘ ਕਾਲੇਕੇ, ਸੁਖਚੈਨ ਸਿੰਘ ਬੰਗਲਾਰਾਏ, ਮਲਕੀਤ ਸਿੰਘ ਖਾਰਾ, ਮਨਜੀਤ ਸਿੰਘ ਚੂਸਲੇਵੜ, ਅਵਤਾਰ ਸਿੰਘ ਕੈਰੋਂ, ਠੇਕੇਦਾਰ ਮਲਕੀਤ ਸਿੰਘ ਤੋਂ ਇਲਾਵਾ ਸੈਂਕੜੇ ਪਾਰਟੀ ਆਗੂ ਮੌਜੂਦ ਸਨ।