ਬਲਾਕ ਸੰਮਤੀ ਚੋਣਾਂ ’ਚ ਬਲਾਕ ਭਿੱਖੀਵਿੰਡ, ਗੰਡੀਵਿੰਡ ਤੇ ਪੱਟੀ ’ਤੇ ਆਪ ਦਾ ਕਬਜ਼ਾ

9 ਬਲਾਕ ਸੰਮਤੀਆਂ ਲਈ 445 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਯੋਗ ਕਰਾਰ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ,
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਅੰਦਰ ਬਲਾਕ ਸੰਮਤੀ ਲਈ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਤਿੰਨ ਬਲਾਕਾਂ ਭਿੱਖੀਵਿੰਡ, ਪੱਟੀ ਅਤੇ ਗੰਡੀਵਿੰਡ ’ਚ ਲਗ ਭਗ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਇਥੋਂ ਵਿਰੋਧੀ ਪਾਰਟੀਆਂ ਦੇ ਵਧੇਰੇ ਨਾਮਜ਼ਦਗੀ ਪੱਤਰ ਰੱਦ ਹੋਣ ਜਾਂ ਦਾਖਲ ਨਾ ਹੋਣ ਕਰਕੇ ਆਪ ਦੇ ਉਮੀਦਵਾਰ ਜੇਤੂ ਕਰਾਰ ਹੋਣ ਜਾ ਰਹੇ ਹਨ।
ਖੇਮਕਰਨ ਹਲਕੇ ਦੀ ਬਲਾਕ ਸੰਮਤੀ ਭਿੱਖੀਵਿੰਡ ਦੀ ਗੱਲ ਕਰੀਏ ਤਾਂ ਇਥੇ ਬਲਾਕ ਸੰਮਤੀ ਦੇ ਕੁੱਲ 23 ਜ਼ੋਨਾਂ ਲਈ ਨਾਮਜ਼ਦਗੀਆਂ ਦਾਖਲ ਹੋਈਆਂ ਸਨ। ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਇਨ੍ਹਾਂ ਜੋਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਹੋ ਚੁੱਕੇ ਹਨ। ਇਸੇ ਤਰ੍ਹਾਂ ਹੀ ਤਰਨਤਾਰਨ ਹਲਕੇ ਦੀ ਬਲਾਕ ਸੰਮਤੀ ਗੰਡੀਵਿੰਡ ਵਿਚ ਵੀ 18 ਜ਼ੋਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਜਾਣ ਦੇ ਨਾਲ ਸਾਰੇ ਦੇ ਸਾਰੇ ਬਿਨਾ ਮੁਕਾਬਲਾ ਜੇਤੂ ਹੋ ਗਏ ਹਨ। ਜਦੋਂਕਿ ਪੱਟੀ ਬਲਾਕ ਸੰਮਤੀ ਦੀ ਗੱਲ ਕਰੀਏ ਤਾਂ ਇਥੋਂ ਦੇ 19 ਜ਼ੋਨਾਂ ਵਿੱਚੋਂ ਵੀ ਨਿਰੋਲ ਕਬਜਾ ਹੁੰਦਾ ਦਿਖਾਈ ਦੇ ਰਿਹਾ ਹੈ। ਇਥੋਂ ਵਧੇਰੇ ਜੋਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਜਾਣ ਉਪਰੰਤ ਬਿਨਾ ਮੁਕਾਬਲਾ ਜੇਤੂ ਹੋ ਗਏ ਹਨ।
----
ਤਰਨਤਾਰਨ ਸੰਮਤੀ ਬਲਾਕ ’ਚ 32 ਉਮੀਦਵਾਰ ਮੈਦਾਨ ’ਚ
ਤਰਨਤਾਰਨ ਵਿਧਾਨ ਸਭਾ ਹਲਕੇ ਦੇ ਬਲਾਕ ਤਰਨਤਾਰਨ ਦੀਆਂ 17 ਸੰਮਤੀਆਂ ਦੀਆਂ ਚੋਣਾਂ ਲਈ ਤਿੰਨ ਜ਼ੋਨਾਂ ਕੱਕਾ ਕੰਡਿਆਲਾ, ਰਟੌਲ ਅਤੇ ਮਲੀਆ ਵਿਚ ਕਿਸੇ ਵਿਰੋਧੀ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਨਾ ਕੀਤੇ ਜਾਣ ਕਰਕੇ ਜਿਥੇ ਇਹ ਜ਼ੋਨ ਬਿਨਾ ਮੁਕਾਬਲਾ ਜੇਤੂ ਹੋ ਗਏ। ਉਥੇ ਹੀ ਅੱਠ ਜ਼ੋਨਾਂ ਵਿਚ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਅਯੋਗ ਹੋਣ ਦੇ ਚੱਲਦਿਆਂ ਇਹ ਜ਼ੋਨ ਵੀ ਜੇਤੂ ਹੀ ਹੋਣਗੇ। ਜਦੋਂਕਿ ਛੇ ਜ਼ੋਨਾਂ ਵਿਚ 14 ਦਸੰਬਰ ਨੂੰ ਸੰਮਤੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਹੋਵੇਗਾ।
-------------
ਖਡੂਰ ਸਾਹਿਬ ਬਲਾਕ ਸੰਮਤੀ ਦੇ 108 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ
ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਬਲਾਕ ਸੰਮਤੀ ਖਡੂਰ ਸਾਹਿਬ ਦੇ 25 ਜ਼ੋਨਾਂ ਲਈ 151 ਨਾਮਜ਼ਦਗੀਆਂ ਦਾਖਲ ਹੋਈਆਂ ਸਨ। ਜਿਨ੍ਹਾਂ ਵਿੱਚੋਂ 43 ਨਾਮਜ਼ਦਗੀਆਂ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 108 ਉਮੀਦਵਾਰ ਮੈਦਾਨ ਵਿਚ ਬਚੇ ਹਨ। ਇਥੇ ਜ਼ੋਨ ਗੋਇੰਦਵਾਲ ਸਾਹਿਬ, ਕੱਦਗਿੱਲ ਕਲਾਂ, ਪਿੱਦੀ ਅਤੇ ਲਾਲਪੁਰ ਵਿਚ ਇਕ ਇਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਹੀ ਯੋਗ ਪਾਏ ਗਏ ਹਨ, ਜਿਸਦੇ ਚੱਲਦਿਆਂ ਉਹ ਬਿਨਾ ਮੁਕਾਬਲਾ ਜੇਤੂ ਹੋ ਜਾਣਗੇ।
-------
ਬਲਾਕ ਸੰਮਤੀ ਚੋਹਲਾ ਸਾਹਿਬ ’ਚ 93 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਯੋਗ
ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਬਲਾਕ ਸੰਮਤੀ ਚੋਹਲਾ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀਆਂ ਦੇ 16 ਜੋਨਾਂ ਲਈ 93 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਪੜਤਾਲ ਉਪਰੰਤ ਯੋਗ ਕਰਾਰ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ। ਜਿਨ੍ਹਾਂ ਲਈ 14 ਜਨਵਰੀ ਨੂੰ ਵੋਟਾਂ ਪੈਣਗੀਆਂ।
--------------
ਪੰਚਾਇਤ ਸੰਮਤੀ ਨਾਗੋਕੇ ਤੋਂ 90 ਉਮੀਦਵਾਰ ਮੈਦਾਨ ’ਚ ਬਚੇ
ਪੰਚਾਇਤ ਸੰਮਤੀ ਨਾਗੋਕੇ ਦੀ ਗੱਲ ਕਰੀਏ ਤਾਂ ਇਥੋਂ ਦੇ 15 ਜ਼ੋਨਾਂ ਵਿਚ ਕੁੱਲ 90 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਇਥੋਂ ਕੋਈ ਵੀ ਨਾਮਜ਼ਦਗੀ ਅਯੋਗ ਨਾ ਪਾਏ ਜਾਣ ਤੋਂ ਬਾਅਦ 90 ਉਮੀਦਵਾਰ ਹੀ ਮੈਦਾਨ ਵਿਚ ਡੱਟੇ ਹਨ। ਜਿਥੇ 14 ਦਸੰਬਰ ਨੂੰ ਵੋਟਾਂ ਪੈਣ ਦਾ ਕੰਮ ਹੋਵੇਗਾ। ਇਥੇ ਵੀ ਸੱਤਾਧਾਰੀ ਪਾਰਟੀ ਤੋਂ ਇਲਾਵਾ ਅਕਾਲੀ ਦਲ ਤੇ ਕਾਂਗਰਸ ਸਮੇਤ ਹੋਰ ਉਮੀਦਵਾਰ ਮੈਦਾਨ ਵਿਚ ਹਨ।
----
ਨੌਸ਼ਹਿਰਾ ਪੰਨੂਆਂ ਸੰਮਤੀ ਚੋਣਾਂ ਲਈ 43 ਉਮੀਦਵਾਰ ਮੈਦਾਨ ਵਿਚ
ਪੱਟੀ ਹਲਕੇ ਦੀ ਬਲਾਕ ਸੰਮਤੀ ਨੌਸ਼ਹਿਰਾ ਪਨੂੰਆਂ ਦੇ 20 ਜ਼ੋਨਾਂ ਵਿਚ 83 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ 40 ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ 43 ਉਮੀਦਵਾਰ ਮੈਦਾਨ ਵਿਚ ਬਚੇ ਹਨ। ਜਿਨ੍ਹਾਂ ਲਈ 14 ਦਸੰਬਰ ਨੂੰ ਵੋਟਾਂ ਪੈਣ ਦਾ ਕਾਰਜ ਨੇਪਰੇ ਚੜ੍ਹੇਗਾ ਅਤੇ 17 ਦਸੰਬਰ ਨੂੰ ਗਿਣਤੀ ਹੋਵੇਗੀ।
----
ਪੰਚਾਇਤ ਸੰਮਤੀ ਭਿੱਖੀਵਿੰਡ ’ਚ ਆਪ ਦਾ ਮੁਕੰਮਲ ਕਬਜਾ
ਹਲਕਾ ਖੇਮਕਰਨ ਦੀ ਪੰਚਾਇਤ ਸੰਮਤੀ ਭਿੱਖੀਵਿੰਡ ਦੇ 23 ਜ਼ੋਨਾਂ ਦੀ ਚੋਣ ਲਈ 100 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ। ਜਿਨ੍ਹਾਂ ’ਚੋਂ 77 ਨਾਮਜ਼ਦਗੀਆਂ ਰੱਦ ਹੋਣ ਉਪਰੰਤ ਆਮ ਆਦਮੀ ਪਾਰਟੀ ਦੇ 23 ਦੇ 23 ਉਮੀਦਵਾਰ ਯੋਗ ਪਾਏ ਗਏ ਹਨ। ਜਿਸਦੇ ਚੱਲਦਿਆਂ ਇਸ ਸੰਮਤੀ ਉੱਪਰ ਆਮ ਆਦਮੀ ਪਾਰਟੀ ਦਾ ਮੁਕੰਮਲ ਕਬਜਾ ਹੋ ਗਿਆ ਹੈ।
----
ਵਲਟੋਹਾ ਸੰਮਤੀ ਦੇ 18 ਜ਼ੋਨਾਂ ’ਚ 22 ਉਮੀਦਵਾਰ ਯੋਗ
ਹਲਕਾ ਖੇਮਕਰਨ ਦੀ ਬਲਾਕ ਸੰਮਤੀ ਵਲਟੋਹਾ ਦੀ ਗੱਲ ਕਰੀਏ ਤਾਂ ਇਸਦੇ 18 ਜੋਨਾਂ ਲਈ 78 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ 56 ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਅਤੇ 22 ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ। ਜਿਸਦੇ ਚੱਲਦਿਆਂ ਇਸ ਸੰਮਤੀ ਉੱਪਰ ਵੀ ਆਮ ਆਦਮੀ ਪਾਰਟੀ ਕਾਬਜ ਹੋ ਚੁੱਕੀ ਹੈ।
-----
ਤਰਨਤਾਰਨ ਹਲਕੇ ਦੀ ਗੰਡੀਵਿੰਡ ਸੰਮਤੀ ’ਚ ਵਿਰੋਧੀਆਂ ਦਾ ਸਫਾਇਆ
ਤਰਨਤਾਰਨ ਵਿਧਾਨ ਸਭਾ ਹਲਕੇ ਦੀ ਬਲਾਕ ਸੰਮਤੀ ਗੰਡੀਵਿੰਡ ਵਿਚ ਵੀ ਵਿਰੋਧੀ ਪਾਰਟੀਆਂ ਦਾ ਸਫਾਇਆ ਹੋ ਗਿਆ ਹੈ। ਇਥੋਂ ਦੇ 15 ਜ਼ੋਨਾਂ ਲਈ 52 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ 37 ਦੀਆਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਅਤੇ 15 ਦੇ ਯੋਗ ਪਾਏ ਜਾਣ ਉਪਰੰਤ ਆਮ ਆਦਮੀ ਪਾਰਟੀ ਇਸ ਸੰਮਤੀ ਉੱਪਰ ਨਿਰੋਲ ਕਾਬਜ ਹੋਣ ਵਿਚ ਸਫਲ ਰਹੀ ਹੈ।