ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਦਾ ਵਿਰੋਧ
ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰਨ ਦੀ ਜਥੇਬੰਦੀ ਨੇ ਕੀਤੀ ਨਿਖੇਧੀ
Publish Date: Fri, 05 Dec 2025 07:52 PM (IST)
Updated Date: Sat, 06 Dec 2025 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਸ਼ੰਭੂ ਖਨੌਰੀ ਬਾਰਡਰਾਂ ਤੋਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਉਠਾਏ ਗਏ ਕਿਸਾਨਾਂ ਦੇ ਧਰਨਿਆਂ ਦੇ ਨੁਕਸਾਨ ਦੀ ਭਰਪਾਈ ਅਤੇ ਬਿਜਲੀ ਸੋਧ ਐਕਟ 2025 ਅਤੇ ਖਪਤਕਾਰਾਂ ਦੇ ਘਰਾਂ ਵਿਚ ਸਮਾਰਟ ਮੀਟਰ ਲਗਾਉਣ ਦੇ ਖ਼ਿਲਾਫ਼ ਸ਼ੁਕਰਵਾਰ ਨੂੰ ਕਿਸਾਨਾਂ ਵੱਲੋਂ ਦੋ ਘੰਟੇ ਸੰਕੇਤਕ ਰੇਲ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਦਿਆਂ ਅੱਜ ਤੜਕੇ 4 ਵਜੇ ਤੋਂ ਸੀਨੀਅਰ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਪਰ ਕਿਸਾਨ ਆਗੂ ਆਪਣੇ ਘਰਾਂ ਤੋਂ ਰਾਤ ਵੇਲੇ ਹੀ ਪਾਸੇ ਹੋ ਗਏ ਸਨ।
ਇਹ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਅਤੇ ਹਰਜਿੰਦਰ ਸਿੰਘ ਸ਼ਕਰੀ, ਫਤਿਹ ਸਿੰਘ ਪਿੱਦੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਭਗਵੰਤ ਮਾਨ ਦੀ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਚੁਤਾਲਾ ਤੇ ਪਿੱਦੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਵਿਧਾਇਕ ਢਾਂਚਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਅਤੇ ਭਗਵੰਤ ਮਾਨ ਸਰਕਾਰ ਡੰਡੇ ਦੇ ਜ਼ੋਰ ਨਾਲ ਰਾਜਤੰਤਰ ਚਲਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਕ ਤੋਂ ਤਿੰਨ ਵਜੇ ਤੱਕ ਦੋ ਘੰਟੇ ਦਾ ਸਕੇਤਨ ਰੇਲ ਦਾ ਚੱਕਾ ਜਾਮ ਪੰਜਾਬ ਭਰ ਵਿਚ ਕੀਤਾ ਗਿਆ ਅਤੇ 7-8 ਦਸੰਬਰ ਨੂੰ ਲੋਕਾਂ ਦੇ ਘਰਾਂ ਵਿੱਚੋਂ ਸਮਾਰਟ ਮੀਟਰ ਪੁੱਟ ਕੇ 10 ਦਸੰਬਰ ਨੂੰ ਐੱਸਡੀਓ ਦਫਤਰਾਂ ਅੱਗੇ ਸੁੱਟੇ ਜਾਣਗੇ। 17 ਤੇ 18 ਦਸੰਬਰ ਨੂੰ ਇਨ੍ਹਾਂ ਮੰਗਾਂ ਨੂੰ ਅੱਗੇ ਤੋਰਦਿਆਂ ਪੰਜਾਬ ਦੇ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜੇਕਰ ਸਰਕਾਰ ਦੀ ਨੀਂਦ ਫਿਰ ਵੀ ਨਾ ਖੁੱਲ੍ਹੀ ਤਾਂ 19 ਦਸੰਬਰ ਤੋਂ ਰੇਲ ਦਾ ਚੱਕਾ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ।