ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮਿਲੇ ਇਕ ਦਰਜਨ ਤੋਂ ਵੱਧ ਮੋਬਾਇਲ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮਿਲੇ ਇਕ ਦਰਜਨ ਤੋਂ ਵੱਧ ਮੋਬਾਇਲ
Publish Date: Fri, 05 Dec 2025 06:28 PM (IST)
Updated Date: Sat, 06 Dec 2025 04:07 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਬੈਰਕਾਂ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇਕ ਦਰਜਨ ਤੋਂ ਵੱਧ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਹੋਏ ਫੋਨਾਂ ਤੇ ਹੋਰ ਸਮਾਨ ਨੂੰ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ। ਜਿੱਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਚਾਰ ਹਵਾਲਾਤੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੈਕਿੰਗ ਦੌਰਾਨ ਸੋਨੂੰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਲਿਹਾਲ ਕਿਲਚਾ ਕੋਲੋਂ ਇਕ ਸਮਾਰਟ, ਦੋ ਕੀਪੈਡ ਵਾਲੇ ਫੋਨ ਤੇ ਇਕ ਸਿਮ ਬਰਾਮਦ ਕੀਤੀ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੈਕਿੰਗ ਦੌਰਾਨ ਗੁਰਸ਼ਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲੱਖੂਵਾਲ ਅਜਨਾਲਾ ਕੋਲੋਂ ਇਕ ਸਮਾਰਟ ਫੋਨ ਬਰਾਮਦ ਕੀਤਾ। ਜਦੋਂਕਿ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧੂਲਕਾ ਤੇ ਸਾਹਿਬ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਅੰਮ੍ਰਿਤਸਰ ਕੋਲੋਂ ਤਿੰਨ ਸਮਾਰਟ ਫੋਨ, 6 ਕੀਪੈਡ ਵਾਲੇ ਫੋਨ, ਇਕ ਚਾਰਜਰ ਅਤੇ ਇਕ ਅਡਾਪਟਰ ਬਰਾਮਦ ਕੀਤਾ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਵਿਚ ਦਰਜ ਕੀਤੇ ਗਏ ਤਿੰਨ ਕੇਸਾਂ ਦੀ ਜਾਂਚ ਏਐੱਸਆਈ ਨਿਸ਼ਾਨ ਸਿੰਘ, ਏਐੱਸਆਈ ਬਲਜਿੰਦਰ ਸਿੰਘ ਅਤੇ ਏਐੱਸਆਈ ਪ੍ਰਗਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ।