ਘਰ ’ਚ ਦਾਖਲ ਹੋ ਕੇ ਦਿਉਰ ਨੇ ਭਰਜਾਈ ਦੇ ਮਾਰਿਆ ਦਾਤਰ
ਘਰ ’ਚ ਦਾਖਲ ਹੋ ਕੇ ਦਿਉਰ ਨੇ ਭਰਜਾਈ ਦੇ ਮਾਰਿਆ ਦਾਤਰ
Publish Date: Fri, 05 Dec 2025 06:19 PM (IST)
Updated Date: Sat, 06 Dec 2025 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪਿੰਡ ਨਾਗੋਕੇ ਵਿਖੇ ਕਥਿਤ ਤੌਰ ’ਤੇ ਇਕ ਘਰ ਅੰਦਰ ਦਾਖਲ ਹੋ ਕੇ ਦਿਉਰ ਵੱਲੋਂ ਆਪਣੀ ਭਰਜਾਈ ਨੂੰ ਦਾਤਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਉਸ ਵੱਲੋਂ ਆਪਣੇ ਭਰਾ ਉੱਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਲਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨਾਗੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 28 ਨਵੰਬਰ ਨੂੰ ਕਰੀਬ 3 ਵਜੇ, ਉਸਦਾ ਦਿਉਰ ਗੁਰਮੇਲ ਸਿੰਘ ਆਪਣੇ ਘਰੋਂ ਦਾਤਰ ਲਿਆ ਕੇ ਉਸਦੇ ਘਰ ਦੇ ਬਾਹਰਲੇ ਬੂਹੇ ਧੱਕਾ ਮਾਰਕੇ ਅੰਦਰ ਆ ਕੇ ਗਾਲੀ ਗਲੋਚ ਕਰਦਾ ਹੋਇਆ ਅੰਦਰ ਆ ਗਿਆ ਅਤੇ ਉਸਦੀ ਧੋਣ ’ਤੇ ਦਾਤਰ ਮਾਰ ਦਿੱਤਾ। ਉਸਦੀ ਲੜਕੀ ਨੇ ਉਸਨੂੰ ਫੜ ਕੇ ਪਿੱਛੇ ਕੀਤਾ ਤਾਂ ਉਹ ਉਸਦੇ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਉਸ ਨੇ ਗੇਟ ਦਾ ਕੁੰਡਾ ਲਾ ਲਿਆ। ਪਰ ਉਸਦਾ ਦਿਉਰ ਬਾਹਰ ਖੜ੍ਹਾ ਗਾਲੀ ਗਲੋਚ ਕਰਨ ਦੇ ਨਾਲ ਨਾਲ ਘਰ ਦੇ ਗੇਟ ’ਤੇ ਇੱਟਾਂ ਰੋੜੇ ਚਲਾਉਂਦਾ ਰਿਹਾ। ਇਸੇ ਦੌਰਾਨ ਉਸਦਾ ਪਤੀ ਬਲਵਿੰਦਰ ਸਿੰਘ ਚਾਰਾ ਲੈ ਕੇ ਘਰ ਆਇਆ ਤਾਂ ਉਸਦੇ ਦਿਉਰ ਨੇ ਉਸ ਉੱਪਰ ਵੀ ਦਾਤਰ ਨਾਲ ਹਮਲਾ ਕੀਤਾ, ਜੋ ਰੇਹੜੀ ਦੇ ਪਿੱਛੇ ਵੱਜਾ। ਰੌਲਾ ਸੁਣਕੇ ਉਸਦਾ ਜੇਠ ਸੁਖਚੈਨ ਸਿੰਘ ਤੇ ਜੇਠਾਣੀ ਰਾਜਵਿੰਦਰ ਕੌਰ ਛੁਡਾਉਣ ਲਈ ਆਏ ਤਾਂ ਉਹ ਉਨ੍ਹਾਂ ਵੱਲ ਵੀ ਦਾਤਰ ਲੈ ਕੇ ਭੱਜਾ। ਜਿਨ੍ਹਾਂ ਨੇ ਆਪਣੇ ਘਰ ਵੜ ਕੇ ਆਪਣਾ ਬਚਾਅ ਕੀਤਾ। ਉਸਨੇ ਪੁਲਿਸ ਦੀ ਹੈਲਪਲਾਈਨ 112 ’ਤੇ ਫੋਨ ਕੀਤਾ ਤਾਂ ਪੁਲਿਸ ਨੇ ਉਸਦੇ ਦਿਉਰ ਨੂੰ ਸਮਝਾ ਕੇ ਘਰ ਭੇਜਿਆ। ਦੂਜੇ ਪਾਸੇ ਥਾਣਾ ਵੈਰੋਂਵਾਲ ਦੇ ਏਐੱਸਆਈ ਪਿਆਰਾ ਸਿੰਘ ਨੇ ਦੱਸਿਆ ਕਿ ਕੁਲਬੀਰ ਕੌਰ ਨੇ ਹੁਣ ਬਿਆਨ ਕਲਮਬੰਦ ਕਰਵਾਏ ਹਨ। ਜਿਸਦੇ ਅਧਾਰ ’ਤੇ ਗੁਰਮੇਲ ਸਿੰਘ ਪੁੱਤਰ ਗੁਰਮੁੱਖ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।