ਨਾਕਾ ਤੋੜ ਕੇ ਭਜਾਈ ਐੱਸਯੂਵੀ, ਪਿੱਛਾ ਕਰਦੀ ਪੁਲਿਸ ’ਤੇ ਚਲਾਈਆਂ ਗੋਲ਼ੀਆਂ
ਨਾਕਾ ਤੋੜ ਕੇ ਭਜਾਈ ਐੱਸਯੂਵੀ, ਪਿੱਛਾ ਕਰਦੀ ਪੁਲਿਸ ’ਤੇ ਚਲਾਈਆਂ ਗੋਲੀਆਂ
Publish Date: Thu, 04 Dec 2025 07:13 PM (IST)
Updated Date: Fri, 05 Dec 2025 04:12 AM (IST)

ਕੈਪਸ਼ਨ- ਘਟਨਾ ਸਥਾਨ ’ਤੇ ਡਿੱਗਾ ਕਾਰ ਸਵਾਰ ਨੌਜਵਾਨ ਦਾ ਪਿਸਟਲ। ਕੈਪਸ਼ਨ- ਐੱਸਯੂਵੀ ਗੱਡੀ ਦਾ ਟੁੱਟਾ ਸ਼ੀਸ਼ਾ। ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਖਬੀਰ ਸਿੰਘ। * ਜਵਾਬੀ ਫਾਇਰਿੰਗ ਦੌਰਾਨ ਜ਼ਖ਼ਮੀ ਹੋਇਆ ਕਾਰ ਸਵਾਰ, ਦੋ ਪਿਸਟਲ ਬਰਾਮਦ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਨੇੜਲੇ ਪਿੰਡ ਨਾਗੋਕੇ ਕੋਲ ਪੁਲਿਸ ਪਾਰਟੀ ਦੇ ਨਾਕੇ ਨੂੰ ਤੋੜ ਕੇ ਭੱਜ ਰਹੇ ਐੱਸਯੂਵੀ ਸਵਾਰ ਨੌਜਵਾਨ ਨੇ ਪਿੱਛਾ ਕਰ ਰਹੀ ਪੁਲਿਸ ਪਾਰਟੀ ਉੱਪਰ ਦੋਵਾਂ ਹੱਥਾਂ ’ਚ ਪਿਸਟਲ ਲੈ ਕੇ ਫਿਲਮੀ ਸਟਾਈਲ ਨਾਲ ਫਾਇਰਿੰਗ ਕਰ ਦਿੱਤੀ। ਹਾਲਾਂਕਿ ਇਸ ਗੋਲ਼ੀਬਾਰੀ ਦੌਰਾਨ ਪੁਲਿਸ ਕਰਮਚਾਰੀ ਵਾਲ-ਵਾਲ ਬਚੇ। ਪਰ ਦੁਵੱਲੀ ਗੋਲ਼ੀਬਾਰੀ ਦੌਰਾਨ ਐੱਸਯੂਵੀ ਸਵਾਰ ਨੌਜਵਾਨ ਲੱਤ ’ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਕਾਬੂ ਕਰ ਕੇ ਪੁਲਿਸ ਨੇ ਉਸ ਦੇ ਦੋਵੇਂ ਪਿਸਟਲ ਕਬਜ਼ੇ ’ਚ ਲੈ ਲਏ ਹਨ। ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਨਾਗੋਕੇ ਨਹਿਰ ਦੇ ਪੁਲ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਬਿਨਾਂ ਨੰਬਰ ਦੀ ਐੱਸਯੂਵੀ ਗੱਡੀ ਆਈ ਅਤੇ ਉਸ ਦਾ ਚਾਲਕਾ ਨਾਕਾ ਤੋੜ ਕੇ ਗੱਡੀ ਭਜਾ ਕੇ ਲੈ ਗਿਆ। ਜਿਸ ਕਾਰਨ ਪੁਲਿਸ ਪਾਰਟੀ ਨੇ ਤੁਰੰਤ ਗੱਡੀ ਦਾ ਪਿੱਛਾ ਸ਼ੁਰੂ ਕਰ ਦਿੱਤਾ ਪਰ ਗੱਡੀਆਂ ਦੇ ਬਰਾਬਰ ਹੋਣ ’ਤੇ ਕਾਰ ਸਵਾਰ ਨੇ ਪੁਲਿਸ ਪਾਰਟੀ ਉੱਪਰ ਫਾਇਰ ਕੀਤੇ। ਹਾਲਾਂਕਿ ਜਵਾਬੀ ਗੋਲ਼ੀਬਾਰੀ ਦੌਰਾਨ ਉਸ ਦੀ ਗੱਡੀ ਵੀ ਸਲਿੱਪ ਹੋ ਕੇ ਰੁਕ ਗਈ ਅਤੇ ਗੱਡੀ ਵਿਚੋਂ ਉੱਤਰੇ ਨੌਜਵਾਨ ਦੇ ਦੋਵਾਂ ਹੱਥਾਂ ’ਚ ਪਿਸਟਲ ਸਨ, ਜਿਸ ਨਾਲ ਉਸ ਨੇ ਪੁਲਿਸ ਕਰਮਚਾਰੀਆਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਕਰਮਚਾਰੀ ਵਾਲ-ਵਾਲ ਬਚੇ ਪਰ ਜਵਾਬੀ ਗੋਲ਼ੀਬਾਰੀ ਦੌਰਾਨ ਇਕ ਗੋਲ਼ੀ ਉਸ ਦੀ ਲੱਤ ’ਤੇ ਲੱਗੀ ਅਤੇ ਜ਼ਖ਼ਮੀ ਹਾਲਤ ’ਚ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਰਾਕੇਸ਼ ਭਾਰਤੀ ਵਾਸੀ ਬਿਆਸ ਵਜੋਂ ਹੋਈ ਹੈ।