ਤਰਨਤਾਰਨ ਦੇ ਜੰਡਿਆਲਾ ਚੌਂਕ ਬਾਈਪਾਸ ਦੀਆਂ ਟਰੈਫਿਕ ਲਾਈਟਾਂ ਠੱਪ
ਤਰਨਤਾਰਨ ਦੇ ਜੰਡਿਆਲਾ ਚੌਂਕ ਬਾਈਪਾਸ ਦੀਆਂ ਟਰੈਫਿਕ ਲਾਈਟਾਂ ਠੱਪ
Publish Date: Sun, 23 Nov 2025 08:11 PM (IST)
Updated Date: Sun, 23 Nov 2025 08:13 PM (IST)

-ਚੌਕ ’ਚ ਵਾਹਨਾਂ ਦਾ ਮਚਿਆ ਘੜਮੱਸ, ਹਾਦਸਿਆਂ ਦਾ ਬਣਿਆ ਖ਼ਦਸ਼ਾ ਜਸਪਾਲ ਜੱਸੀ/ਗੁਰਪ੍ਰੀਤ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਜੰਡਿਆਲਾ ਚੌਕ ਬਾਈਪਾਸ ’ਤੇ ਲੱਗੀਆਂ ਟਰੈਫਿਕ ਸਿਗਨਲ ਲਾਈਟਾਂ ਕੁਝ ਦਿਨਾਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਇਸ ਚੌਕ ’ਚ ਵਾਹਨਾਂ ਦਾ ਘੜਮੱਸ ਮਚਿਆ ਰਹਿੰਦਾ ਹੈ। ਇਸ ਕਾਰਨ ਹਾਦਸੇ ਦਾ ਖ਼ਦਸ਼ਾ ਵੀ ਖੜ੍ਹਾ ਹੋ ਗਿਆ ਹੈ ਪਰ ਕਈ ਦਿਨਾਂ ਤੋਂ ਬੰਦ ਪਈਆਂ ਇਹ ਲਾਈਟਾਂ ਕਦੋਂ ਸ਼ੁਰੂ ਹੁੰਦੀਆਂ ਹਨ, ਇਸਦਾ ਨਾ ਤਾਂ ਕਿਸੇ ਕੋਲ ਜਵਾਬ ਹੈ ਤੇ ਨਾ ਹੀ ਕਿਸੇ ਨੂੰ ਕੁਝ ਅਤਾ-ਪਤਾ ਹੈ। ਤਰਨਤਾਰਨ ਦੇ ਜੰਡਿਆਲਾ ਚੌਕ ਬਾਈਪਾਸ ਦੀ ਗੱਲ ਕਰੀਏ ਤਾਂ ਇਥੇ ਪਹਿਲਾਂ ਲੱਗੀਆਂ ਲਾਈਟਾਂ ਖ਼ਰਾਬ ਹੋਣ ਦੇ ਨਾਲ ਨਾਲ ਵਾਹਨਾਂ ਵੱਲੋਂ ਤੋੜ ਦਿੱਤੀਆਂ ਗਈਆਂ ਸਨ। ਡੇਢ ਦਹਾਕੇ ਬਾਅਦ ਇਸ ਚੌਕ ਨੂੰ ਨਵੀਆਂ ਟਰੈਫਿਕ ਲਾਈਟਾਂ ਤਾਂ ਮਿਲ ਗਈਆਂ ਹਨ ਪਰ ਇਹ ਲਾਈਟਾਂ ਵੀ ਅਕਸਰ ਖ਼ਰਾਬ ਰਹਿਣ ਲੱਗ ਪਈਆਂ ਹਨ, ਜਿਸ ਕਾਰਨ ਇਸ ਚੌਕ ਵਿਚ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ। ਜੰਡਿਆਲਾ ਚੌਕ ਦੀ ਗੱਲ ਕਰੀਏ ਤਾਂ ਇਹ ਬੱਸ ਅੱਡੇ ਦੇ ਨੇੜਲਾ ਚੌਕ ਹੈ ਅਤੇ ਲੰਮੇ ਰੂਟ ਦੀਆਂ ਸਾਰੀਆਂ ਬੱਸਾਂ ਅੱਡੇ ਵਿਚ ਜਾਣ ਦੀ ਬਜਾਏ ਇਸੇ ਚੌਂਕ ਦੇ ਚਾਰੇ ਪਾਸੇ ਰੁਕ ਕੇ ਸਵਾਰੀਆਂ ਚੜ੍ਹਾਉਂਦੀਆਂ ਤੇ ਉਤਾਰਦੀਆਂ ਹਨ। ਚੌਕ ਦੀਆਂ ਚਾਰੇ ਸੜਕਾਂ ਦੇ ਕੋਨਿਆਂ ਉੱਪਰ ਬੱਸਾਂ ਖੜ੍ਹੀਆਂ ਹੋਣ ਕਾਰਨ ਇਥੇ ਅਕਸਰ ਵਾਹਨਾਂ ਦੇ ਜਾਮ ਲੱਗਦੇ ਰਹਿੰਦੇ ਹਨ, ਜਦੋਕਿ ਸ਼ਹਿਰ ਵਿੱਚੋਂ ਬਾਹਰ ਨਿਕਲਣ ਵਾਲੀ ਸੜਕ ਦੇ ਨਾਲ ਮਾਲਵਾ, ਅੰਮ੍ਰਿਤਸਰ ਅਤੇ ਜਲੰਧਰ ਜਾਣ ਵਾਲੀਆਂ ਬੱਸਾਂ ਤੋਂ ਇਲਾਵਾ ਨੈਸ਼ਨਲ ਹਾਈਵੇ ਦਾ ਪੰਧ ਫੜ੍ਹਨ ਲਈ ਵਾਹਨਾਂ ਨੂੰ ਇਸੇ ਚੌਕ ਦੀ ਵਰਤੋਂ ਕਰਨੀ ਪੈਂਦੀ ਹੈ। ਸੈਂਕੜੇ ਬੱਸਾਂ ਅਤੇ ਹਜਾਰਾਂ ਵਾਹਨਾਂ ਦੇ ਆਵਾਗਮਨ ਦਾ ਗਵਾਹ ਬਣਦੇ ਇਸ ਚੁਰਾਹੇ ਵਿਚ ਟਰੈਫਿਕ ਸਿਗਨਲ ਲਾਈਟਾਂ ਦਾ ਖਰਾਬ ਹੋਣਾ ਹਾਦਸਿਆਂ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੈ। ਟਰੈਫਿਕ ਪੁਲਿਸ ਦੀ ਮੰਨੀਏ ਤਾਂ ਕਰਮਚਾਰੀਆਂ ਵੱਲੋਂ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ। -- ਬਾਕਸ- ਟਰੈਫਿਕ ਲਾਈਟਾਂ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ : ਐਡਵੋਕੇਟ ਅਰੋੜਾ ਤਰਨਤਾਰਨ ਦੇ ਸੀਨੀਅਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਦਾ ਕਹਿਣਾ ਹੈ ਕਿ ਟਰੈਫਿਕ ਲਾਈਟਾਂ ਲਗਾਈਆਂ ਹੀ ਹਾਦਸਿਆਂ ਤੋਂ ਬਚਾਅ ਲਈ ਜਾਂਦੀਆਂ ਹਨ। ਜੇ ਕੋਈ ਲਾਈਟ ਜੰਪ ਕਰੇ ਤਾਂ ਉਸ ਜੁਰਮਾਨਾ ਵੀ ਅਦਾ ਕਰਨਾ ਪੈਂਦਾ ਹੈ ਪਰ ਲੰਮਾ ਸਮਾਂ ਲਾਈਟਾਂ ਦਾ ਬੰਦ ਰਹਿਣਾ ਇਕ ਤਰ੍ਹਾਂ ਨਾਲ ਹਾਦਸਿਆਂ ਨੂੰ ਸੱਦਾ ਦੇਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਸ ਚੁਰਾਹੇ ਵਿਚ ਕਈ ਵਾਰ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਜਾਨਾਂ ਜਾ ਚੁੱਕੀਆਂ ਹਨ। ਇਸ ਲਈ ਪ੍ਰਸ਼ਾਸਨ ਇਸ ਮੁਸ਼ਕਲ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਵੇ। -- ਬਾਕਸ- ਚੌਕ ਵਿਚ ਬੱਸਾਂ ਦੇ ਰੁਕਣ ਕਾਰਨ ਰਹਿੰਦੀ ਹੈ ਖ਼ਤਰੇ ਦੀ ਘੰਟੀ ਸ੍ਰੀ ਗੁਰੂ ਅਰਜਨ ਦੇਵ ਜੀ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਦਾ ਕਹਿਣਾ ਹੈ ਕਿ ਜੰਡਿਆਲਾ ਚੌਕ ਬਾਈਪਾਸ ਭਾਰੀ ਆਵਾਜਾਈ ਵਾਲਾ ਚੁਰਾਹਾ ਹੈ। ਇਥੇ ਪਹਿਲਾਂ ਹੀ ਬੱਸਾਂ ਦੇ ਖੜ੍ਹੇ ਹੋਣ ਕਾਰਨ ਇਨਸਾਨੀ ਜ਼ਿੰਦਗੀਆਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉੱਪਰੋਂ ਹੁਣ ਟਰੈਫਿਕ ਲਾਈਟਾਂ ਦੇ ਬੰਦ ਹੋਣ ਕਾਰਨ ਵਾਹਨਾਂ ਦੀ ਭੀੜ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਇਸ ਲਈ ਜਲਦ ਤੋਂ ਜਲਦ ਇਨ੍ਹਾਂ ਟਰੈਫਿਕ ਲਾਈਟਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰੇ।