ਸਕਾਰਪੀਓ ਨੇ ਐਕਟਿਵਾ ਤੇ ਬਾਈਕ ਨੂੰ ਮਾਰੀ ਟੱਕਰ, ਲੜਕੀ ਸਮੇਤ ਦੋ ਦੀ ਮੌਤ
ਸਕਾਰਪਿਓ ਨੇ ਐਕਟਿਵਾ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, ਕੁੜੀ ਸਮੇਤ ਦੋ ਦੀ ਮੌਤ
Publish Date: Sun, 23 Nov 2025 07:36 PM (IST)
Updated Date: Sun, 23 Nov 2025 07:37 PM (IST)

ਇਕ ਮਹਿਲਾ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ, ਪੁਲਿਸ ਨੇ ਦਰਜ ਕੀਤਾ ਕੇਸ ਰਾਜਨ ਚੋਪੜਾ, ਪੰਜਾਬੀ ਜਾਗਰਣ, ਭਿੱਖੀਵਿੰਡ ਕਸਬਾ ਭਿੱਖੀਵਿੰਡ ਵਿਖੇ ਸਕਾਰਪੀਓ ਗੱਡੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ’ਤੇ ਸਵਾਰ ਇਕ ਲੜਕੀ ਦੀ ਜਿਥੇ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਦੂਸਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਕਤ ਸਕਾਰਪੀਓ ਨੇ ਹਾਦਸੇ ਦੌਰਾਨ ਇਕ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ’ਤੇ ਸਵਾਰ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਦੋਵਾਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਸਕਾਰਪੀਓ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ। ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਤਲੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਭੈਣ ਅਕਬੀਰ ਕੌਰ ਹਰ ਰੋਜ਼ ਦੀ ਤਰ੍ਹਾਂ ਪ੍ਰਭਜੀਤ ਕੌਰ ਨੂੰ ਨਾਲ ਲੈ ਕੇ ਐਕਟਿਵਾ ਰਾਹੀਂ ਭਿੱਖੀਵਿੰਡ ਦੀ ਟਰੈਕਟਰ ਏਜੰਸੀ ’ਤੇ ਕੰਮ ਕਰਨ ਲਈ ਗਈਆਂ ਸਨ। ਸ਼ਾਮ ਸਾਢੇ 5 ਵਜੇ ਛੁੱਟੀ ਉਪਰੰਤ ਜਦੋਂ ਉਹ ਘਰ ਜਾ ਰਹੀਆਂ ਸਨ ਤਾਂ ਫਰੰਦੀਪੁਰ ਪਿੰਡ ਵੱਲ ਮੁੜਨ ਲੱਗਿਆਂ ਸਕਾਰਪੀਓ ਗੱਡੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਕਬੀਰ ਕੌਰ ਤੇ ਪ੍ਰਭਜੀਤ ਕੌਰ ਨੂੰ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਸਦੀ ਭੈਣ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਗੱਡੀ ਨੇ ਇਸੇ ਦੌਰਾਨ ਸੁਰਸਿੰਘ ਵੱਲੋਂ ਆ ਰਹੇ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ’ਤੇ ਸਵਾਰ ਗੁਰਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਤਲਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ੇਖ ਵੀ ਜ਼ਖ਼ਮੀ ਹੋ ਗਏ। ਤਿੰਨਾਂ ਜ਼ਖ਼ਮੀਆਂ ਨੂੰ ਲੋਕਾਂ ਨੇ ਭਿੱਖੀਵਿੰਡ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਕੁਲਵਿੰਦਰਪਾਲ ਨੇ ਦੱਸਿਆ ਕਿ ਤਲਬੀਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ, ਜਦਕਿ ਸਕਾਰਪੀਓ ਦੇ ਫ਼ਰਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੋਵਾਂ ਮ੍ਰਿਤਕਾਂ ਦਾ ਉਨ੍ਹਾਂ ਦੇ ਪਿੰਡਾਂ ਵਿਚ ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।