ਸਰਹੱਦ ਪਾਰੋਂ ਭਾਰਤੀ ਖੇਤਰ ’ਚ ਡੇਗੀ ਇਕ ਕਿੱਲੋ ਹੈਰੋਇਨ ਦੀ ਖੇਪ ਬਰਾਮਦ
ਸਰਹੱਦ ਪਾਰੋਂ ਭਾਰਤੀ ਖੇਤਰ ’ਚ ਡੇਗੀ ਇਕ ਕਿੱਲੋ ਹੈਰੋਇਨ ਦੀ ਖੇਪ ਬਰਾਮਦ
Publish Date: Sun, 23 Nov 2025 07:14 PM (IST)
Updated Date: Sun, 23 Nov 2025 07:16 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਪਾਕਿਸਤਾਨੀ ਤਸਕਰਾਂ ਵੱਲੋਂ ਡ੍ਰੋਨ ਦੀ ਮਦਦ ਨਾਲ ਭਾਰਤੀ ਖੇਤਰ ਦੇ ਖੇਤਾਂ ਵਿਚ ਸੁੱਟੀ ਗਈ ਹੈਰੋਇਨ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਨੇ ਬਰਾਮਦ ਕੀਤੀ ਹੈ। ਪਿੰਡ ਰਾਜੋਕੇ ’ਚੋਂ ਹੋਈ ਉਕਤ ਬਰਾਮਦਗੀ ਸਬੰਧੀ ਪੁਲਿਸ ਨੇ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਵਾਂ ਤਾਰਾ ਸਿੰਘ ਕੋਲ ਮੌਜੂਦ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਸਾਬਕਾ ਸਰਪੰਚ ਨਿਰਮਲ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਰਾਜੋਕੇ ਦੇ ਖੇਤਾਂ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਉਕਤ ਸੂਚਨਾ ਦੇ ਆਧਾਰ ’ਤੇ ਉਹ ਦੱਸੀ ਹੋਈ ਜਗ੍ਹਾ ’ਤੇ ਪੁੱਜੇ ਅਤੇ ਬੀਐੱਸਐੱਫ ਦੀ ਸਰਹੱਦੀ ਚੌਂਕੀ ਰਾਜੋਕੇ ’ਤੇ ਤਾਇਨਾਤ ਬੀਐੱਸਐੱਫ ਦੇ ਕੰਪਨੀ ਕਮਾਂਡਰ ਆਸ਼ੀਸ਼ ਕੁਮਾਰ ਨੂੰ ਸੂਚਿਤ ਕੀਤਾ, ਜਦਕਿ ਬੀਐੱਸਐੱਫ ਦੇ ਜਵਾਨਾਂ ਸਮੇਤ ਪੁਲਿਸ ਟੀਮ ਨੇ ਉਕਤ ਖੇਤਾਂ ਵਿਚ ਤਲਾਸ਼ੀ ਅਭਿਆਨ ਚਲਾ ਕੇ ਹੈਰੋਇਨ ਦੇ ਪੈਕਟ ਨੂੰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਪੈਕਟ ਦੀ ਜਾਂਚ ਦੌਰਾਨ 1 ਕਿੱਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਖੇਪ ਨੂੰ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ।