ਸੀਐੱਮ ਦੀ ਸੰਗਰੂਰ ਰਿਹਾਇਸ਼ ਨੂੰ ਲੈ ਕੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਕੀਤੀ ਮੀਟਿੰਗ
ਸੀਐੱਮ ਦੀ ਸੰਗਰੂਰ ਰਿਹਾਇਸ਼ ਨੂੰ ਲੈ ਕੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਕੀਤੀ ਮੀਟਿੰਗ
Publish Date: Sun, 23 Nov 2025 05:46 PM (IST)
Updated Date: Sun, 23 Nov 2025 05:49 PM (IST)

ਰਾਜਨ ਚੋਪੜਾ, ਪੰਜਾਬੀ ਜਾਗਰਣ, ਭਿੱਖੀਵਿੰਡ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੀ ਹੰਗਾਮੀ ਮੀਟਿੰਗ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਮਲੋਟ ਦੀ ਅਗਵਾਈ ਹੇਠ ਹੋਈ। ਬੇਰੁਜ਼ਗਾਰਾਂ ਨੇ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਮਿਆਰੀ ਸੁਧਾਰ ਦਾ ਵਾਅਦਾ ਕਰ ਕੇ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਦੇ ਆਪਣੇ ਸ਼ਾਸਨ ਕਾਲ ਸਮੇਂ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਇਕ ਵੀ ਨਵੀਂ ਭਰਤੀ ਜਾਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਵੱਲੋਂ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਸਰਕਾਰ ਲਗਾਤਾਰ ਲਾਰੇ ਲੱਪਿਆਂ ਵਿਚ ਸਮਾਂ ਲੰਘਾ ਰਹੀ ਹੈ। ਆਗੂਆਂ ਵੱਲੋਂ ਮਾਸਟਰ ਕੇਡਰ ਦੀ ਭਰਤੀ ਲਈ ਬੇਤੁਕੀ 55 ਫੀਸਦੀ ਸ਼ਰਤ ਰੱਦ ਕਰਨ, ਰੁਜ਼ਗਾਰ ਲਈ ਉਮਰ ਹੱਦ ਵਿਚ ਛੋਟ ਦੇਣ ਅਤੇ ਲੈਕਚਰਾਰ ਅਤੇ ਮਾਸਟਰ ਕੇਡਰ ਲਈ ਵੱਧ ਤੋਂ ਵੱਧ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਲਈ ਕਿਹਾ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਪਟਿਆਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਕੋਠੀ ਸਾਹਮਣੇ ਟੈਂਕੀ ’ਤੇ ਬੈਠੇ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਕੋਈ ਹੱਲ ਨਹੀਂ ਕਰਦੀ ਤਾਂ ਉਥੇ ਵੀ ਪ੍ਰਦਰਸ਼ਨ ਨੂੰ ਤਿੱਖਾ ਕੀਤਾ ਜਾਵੇਗਾ। ਇਸੇ ਤਰਾਂ ਮੱਖ ਮੰਤਰੀ ਮਾਨ ਵੱਲੋਂ ਲਗਾਤਾਰ ਮੋਰਚੇ ਦੀਆਂ ਮੀਟਿੰਗ ਨੂੰ ਮੁਲਤਵੀ ਕਰਨ ਦੇ ਰੋਸ਼ ਵਜੋਂ 7 ਦਸੰਬਰ ਐਤਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ, ਆਰਟ ਐਂਡ ਕਰਾਫਟ ਦੀ 250 ਭਰਤੀ ਦਾ ਪੇਪਰ ਜਲਦੀ ਲਿਆ ਜਾਵੇ ਅਤੇ ਮਲਟੀਪਰਪਜ ਮੇਲ ਦੀਆਂ 270 ਪੋਸਟਾਂ ਵਿਚ ਉਮਰ ਹੱਦ ਛੋਟ ਦੇਣ ਦੀਆਂ ਮੰਗਾਂ ਲਈ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ, ਬਖਸ਼ੀਸ਼ ਸਿੰਘ ਉੱਧੋਕੇ, ਮੀਤ ਪ੍ਰਧਾਨ ਨਰਿੰਦਰਪਾਲ ਸ਼ਰਮਾ, ਕਰਨਬੀਰ ਸਿੰਘ ਖਜਾਨਚੀ , ਬਲਾਕ ਪ੍ਰਧਾਨ ਰਣਜੀਤ ਸਿੰਘ, ਸਕੱਤਰ ਸਤਨਾਮ ਸਿੰਘ ਤੋਂ ਇਲਾਵਾ ਜਗਰੂਪ ਸਿੰਘ ਬੁਰਜ, ਜਗਰੂਪ ਸਿੰਘ ਦੂਹਲ,ਸਤਨਾਮ ਸਿੰਘ ਚੋਹਲਾ, ਅਮਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।