ਤਰਨਤਰਨ ਦੇ ਜੰਡਿਆਲਾ ਰੋਡ ਦਾ ਰੇਲਵੇ ਫਾਟਕ ਬਣਿਆ ਵੱਡੀ ਮੁਸੀਬਤ
ਤਰਨਤਰਨ ਦੇ ਜੰਡਿਆਲਾ ਰੋਡ ਦਾ ਰੇਲਵੇ ਫਾਟਕ ਬਣਿਆ ਰਾਹਗੀਰਾਂ ਲਈ ਵੱਡੀ ਮੁਸੀਬਤ
Publish Date: Sat, 22 Nov 2025 08:36 PM (IST)
Updated Date: Sun, 23 Nov 2025 04:11 AM (IST)

ਦਿਨ ’ਚ ਕਈ ਵਾਰ ਬੰਦ ਹੁੰਦਾ ਹੈ ਫਾਟਕ, ਘੰਟਿਆਂਬੱਧੀ ਲੱਗਾ ਰਹਿੰਦਾ ਵਾਹਨਾਂ ਦਾ ਜਾਮ ਫਾਟਕ ਖੁੱਲਣ ਦੇ ਬਾਅਦ ਵੀ ਵਾਹਨਾਂ ਨੂੰ ਲੰਘਣ ’ਚ ਲੱਗ ਜਾਂਦਾ ਹੈ ਲੰਮਾ ਸਮਾਂ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਸ਼ਹਿਰ ਦੇ ਮੁੱਖ ਮਾਰਗ ਵਜੋਂ ਜਾਣੇ ਜਾਂਦੇ ਜੰਡਿਆਲਾ ਰੋਡ ’ਤੇ ਸਥਿਤ ਬਣਿਆ ਰੇਲਵੇ ਫਾਟਕ ਇਥੋਂ ਲੰਘਣ ਵਾਲੇ ਲੋਕਾਂ ਦੀ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਵੱਖ ਵੱਖ ਸਰਕਾਰਾਂ ਸਮੇਂ ਇਥੇ ਫਲਾਈ ਓਵਰ ਬਣਾਉਣ ਦੇ ਵਾਅਦੇ ਵੀ ਲੋਕਾਂ ਨਾਲ ਹੁੰਦੇ ਰਹੇ, ਪਰ ਅਜੇ ਤੱਕ ਲੋਕਾਂ ਨੂੰ ਅਜਿਹੀ ਕੋਈ ਰਾਹਤ ਨਸੀਬ ਨਾ ਹੋ ਸਕੀ। ਜਿਸਦੇ ਚੱਲਦਿਆਂ ਅੰਮ੍ਰਿਤਸਰ-ਖੇਮਕਰਨ ਰੇਲਵੇ ਮਾਰਗ ’ਤੇ ਬਣੇ ਇਸ ਲਾਂਘੇ ’ਤੇ ਦਿਨ ਵਿਚ ਕਈ ਵਾਰ ਫਾਟ ਬੰਦ ਹੋਣ ਕਾਰਨ ਵੱਡੇ ਜਾਮ ਲੱਗ ਜਾਂਦੇ ਹਨ। ਤਰਨਤਾਰਨ ਦੇ ਬੋਹੜੀ ਵਾਲਾ ਚੌਂਕ ਤੋਂ ਜੰਡਿਆਲਾ ਰੋਡ ਮਾਰਗ ਸ਼ਹਿਰ ਦਾ ਸਭ ਤੋਂ ਵਿਅਸਤ ਰਹਿਣ ਵਾਲਾ ਲਾਂਘਾ ਹੈ। ਜਿਥੋਂ ਹਰ ਰੋਜ ਹਜਾਰਾਂ ਵਾਹਨ ਨਿਕਲਦੇ ਹਨ। ਸ਼ਹਿਰ ਦੇ ਬੱਸ ਅੱਡੇ ਤੇ ਅਨਾਜ ਮੰਡੀ ਤੋਂ ਇਲਾਵਾ ਮਾਰਕੀਟ ਕਮੇਟੀ ਦਫਤਰ, ਆਰਟੀਏ ਦਫਤਰ, ਪੰਜਾਬ ਰੋਡਵੇਜ ਵਰਕਸ਼ਾਪ ਸਮੇਤ ਫੋਕਲ ਪਵਾਇੰਟ ਆਦਿ ਵਰਗੇ ਮਹੱਤਵਪੂਰਨ ਅਦਾਰਿਆਂ ਦੇ ਨਾਲ ਨਾਲ ਇਸ ਮਾਰਗ ਉੱਪਰ ਸੀਕੇਡੀ ਦਾ ਵੱਡਾ ਸਕੂਲ, ਕਾਲਜ, ਬੈਂਕਾਂ ਤੇ ਕਈ ਹਸਪਤਾਲ ਵੀ ਮੌਜੂਦ ਹਨ। ਇੰਨਾ ਹੀ ਨਹੀਂ ਫਾਟਕ ਦੇ ਪਾਰ ਨਵੀਆਂ ਵੱਸੀਆਂ ਕਾਲੋਨੀਆਂ ਵਿਚ ਹਜ਼ਾਰਾਂ ਦੀ ਅਬਾਦੀ ਵੀ ਹੈ, ਜਿਨ੍ਹਾਂ ਨੂੰ ਸ਼ਹਿਰ ’ਚ ਖਰੀਦਦਾਰੀ ਜਾਂ ਹੋਰ ਜ਼ਰੂਰੀ ਕੰਮਾਂ ਲਈ ਆਉਣਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਦੇ ਬੱਚੇ ਇਸ ਫਾਟਕ ਨੂੰ ਪਾਰ ਕਰਕੇ ਸ਼ਹਿਰ ਵਿਚਲੇ ਸਕੂਲਾਂ ਵਿਚ ਪੜ੍ਹਨ ਆਉਂਦੇ ਹਨ। ਕਈਆਂ ਸਰਕਾਰੀ ਕੰਮਾਂ, ਪ੍ਰਾਈਵੇਟ ਕਾਰੋਬਾਰਾਂ ’ਤੇ ਵੀ ਇਸੇ ਰੇਲਵੇ ਫਾਟਕ ਨੂੰ ਪਾਰ ਕਰਕੇ ਆਉਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸ਼ਹਿਰ ਤੋਂ ਬੱਸ ਅੱਡੇ ਦੇ ਨਾਲ ਨਾਲ ਜਲੰਧਰ ਆਦਿ ਸਮੇਤ ਕਈ ਸ਼ਹਿਰਾਂ ਤੱਕ ਪਹੁੰਚ ਕਰਨ ਲਈ ਇਸੇ ਰਾਹ ਨੂੰ ਪਾਰ ਕਰਨਾ ਪੈਂਦਾ ਹੈ, ਜੋ ਕਿਸੇ ਵੱਡੇ ਪਹਾੜ ਤੋਂ ਲੰਘਣ ਦੇ ਘੱਟ ਸਾਬਤ ਨਹੀਂ ਹੁੰਦਾ। ਅਕਾਲੀ ਦਲ ਦੇ ਸਰਕਾਰ ਸਮੇਂ ਜਿਥੇ ਰੇਲਵੇ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ ਉੱਠਦੀ ਰਹੀ ਹੈ। ਉਥੇ ਹੀ ਕਾਂਗਰਸ ਸਰਕਾਰ ਵੇਲੇ ਤਾਂ ਬਜਟ ਵਿਚ ਮਨਜੂਰੀ ਮਿਲਣ ਦੀ ਗੱਲ ਵੀ ਉਸ ਵੇਲੇ ਦੇ ਆਗੂਆਂ ਵੱਲੋਂ ਕਹਿ ਕੇ ਵਾਹ ਵਾਹ ਖੱਟੀ ਗਈ। ਪਰ ਅਖੀਰ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ। ਸ਼ਹਿਰ ਨੂੰ ਬਾਈਪਾਸ ਨਾਲ ਜੋੜਨ ਵਾਲੀ ਇਸ ਸੜਕ ਦੇ ਇਸ ਰੇਲਵੇ ਫਾਟਕ ਤੋਂ ਅੱਠ ਵਾਰ ਰੇਲ ਗੱਡੀ ਅੰਮ੍ਰਿਤਸਰ ਤੋਂ ਖੇਮਕਰਨ ਆਉਂਦੀ ਜਾਂਦੀ ਹੈ, ਜਿਸ ਕਾਰਨ ਇਹ ਫਾਟਕ ਦਿਨ ’ਚ ਅੱਠ ਵਾਰ ਤਾਂ ਬੰਦ ਹੁੰਦਾ ਹੀ ਹੈ, ਨਾਲ ਹੀ ਸਪੈਸ਼ਲ ਗੱਡੀਆਂ ਲੱਗਣ ਦੌਰਾਨ ਅਨੇਕਾਂ ਵਾਰ ਕਈ ਕਈ ਚਿਰ ਬੰਦ ਰਹਿੰਦਾ ਹੈ, ਜਿਸਦੇ ਚੱਲਦਿਆਂ ਫਾਟਕ ਦੇ ਦੋਵੇਂ ਪਾਸੇ ਕਈ ਕਈ ਸੌ ਮੀਟਰ ਜਾਮ ਲੱਗ ਜਾਂਦੇ ਹਨ, ਜੋ ਫਾਟਕ ਖੁੱਲ੍ਹਣ ਦੇ ਬਾਵਜੂਦ ਲੰਮਾ ਸਮਾਂ ਨਹੀਂ ਖੁੱਲਦੇ। ਰਾਹਗੀਰ ਅਰਵਿੰਦਰ ਸਿੰਘ ਰਵੀ, ਰੁਪਿੰਦਰ ਸਿੰਘ, ਰਣਬੀਰ ਸਿੰਘ, ਤੇਜਿੰਦਰ ਸਿੰਘ ਨੇ ਕਿਹਾ ਕਿ ਜਰੂਰੀ ਕੰਮ ’ਤੇ ਜਾਣ ਦੌਰਾਨ ਜੇਕਰ ਫਾਟਕ ਬੰਦ ਹੋ ਜਾਵੇ ਤਾਂ ਭਾਰੀ ਸਮਾਂ ਬਰਬਾਦ ਹੋ ਜਾਂਦਾ ਹੈ। ਬੱਸ ਅੱਡੇ ਤੋਂ ਆਪਣੀ ਮੰਜਿਲ ਲਈ ਜਾਣ ਵਾਲੀਆਂ ਸਵਾਰੀਆਂ ਨੂੰ ਵੀ ਕਈ ਵਾਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਕਸ- ਪੁਰਾਣਾ ਬਾਈਪਾਸ ਬੰਦ ਹੋਣ ਕਾਰਨ ਹਲਾਤ ਹੋਰ ਵੀ ਗੰਭੀਰ ਬਣੇ ਪਹਿਲਾਂ ਹੀ ਸ਼ਹਿਰੀ ਟਰੈਫਿਕ ਦੀ ਮਾਰ ਝੱਲ ਰਹੇ ਇਸ ਜੰਡਿਆਲਾ ਰੋਡ ’ਤੇ ਇਸ ਵੇਲੇ ਟਰੈਫਿਕ ਦਾ ਭਾਰੀ ਦਬਾਅ ਇਸ ਕਰਕੇ ਵੀ ਵਧ ਗਿਆ ਹੈ। ਕਿਉਂਕਿ ਪੁਰਾਣੇ ਬਾਈਪਾਸ ’ਤੇ ਰੇਲਵੇ ਫਾਟਕ ਉੱਪਰ ਓਵਰ ਬ੍ਰਿੱਜ ਦੀ ਉਸਾਰੀ ਚੱਲਣ ਕਰਕੇ ਉਹ ਰਸਤਾ ਬੰਦ ਹੈ। ਕਈ ਸ਼ਹਿਰਾਂ ਤੋਂ ਆਉਣ ਵਾਲੇ ਵੱਡੀ ਗਿਣਤੀ ਵਾਹਨਾਂ ਨੂੰ ਇਸ ਮਾਰਗ ਤੋਂ ਲੰਘਣਾ ਪੈਂਦਾ ਹੈ। ਕਈ ਅਜਿਹੇ ਰੂਟ ਵੀ ਹਨ, ਜਿਨ੍ਹਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਵੀ ਪੁਰਾਣੀ ਸੜਕ ਬੰਦ ਹੋਣ ਕਾਰਨ ਇਥੋਂ ਲੰਘਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਲੋਡ ਟਰੱਕ ਹੋਣ ਜਾਂ ਹੋਰ ਭਾਰੇ ਵਾਹਨ, ਸਾਰਿਆਂ ਦੀ ਆਮਦ ਸ਼ਹਿਰ ਵਿਚਦੀ ਹੋਣ ਕਰਕੇ ਜੰਡਿਆਲਾ ਰੋਡ ’ਤੇ ਸਾਰਾ ਦਿਨ ਲੱਗਣ ਵਾਲੇ ਜਾਮ ਲਗਾਤਾਰ ਲੰਮੇ ਹੋ ਰਹੇ ਹਨ। ਬਾਕਸ- ਸ਼ਹਿਰ ਦੀਆਂ ਚਾਰ ਪ੍ਰਮੁੱਖ ਸੜਕਾਂ ’ਤੇ ਰੇਲਵੇ ਫਾਟਕ ਤਰਨਤਾਰਨ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਚਾਰ ਰਸਤੇ, ਜਿਨ੍ਹਾਂ ਵਿੱਚੋਂ ਤਿੰਨ ਅਜਿਹੇ ਰਸਤੇ ਹਨ, ਜਿਨ੍ਹਾਂ ਦੀ ਵਰਤੋਂ ਸਭ ਤੋਂ ਜਿਆਦਾ ਹੁੰਦੀ ਹੈ। ਇਨ੍ਹਾਂ ਚਾਰਾਂ ਸੜਕਾਂ ’ਤੇ ਰੇਲਵੇ ਫਾਟਕ ਹੋਣ ਕਾਰਨ ਲੋਕ ਤਰਨਤਾਰਨ ਅੰਦਰ ਦਾਖਲ ਹੋਣ ਤੋਂ ਵੀ ਕੰਨੀ ਕਤਰਾਉਂਦੇ ਹਨ। ਜਿਸ ਕਾਰਨ ਸ਼ਹਿਰ ਦੇ ਕਾਰੋਬਾਰ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਦੁਕਾਨਦਾਰਾਂ ਵੱਲੋਂ ਜਿਤਾਇਆ ਜਾਂਦਾ ਹੈ। ਇਹ ਸਾਰੇ ਰੇਲਵੇ ਫਾਟਕ ਇਕ ਹੀ ਰੇਲਵੇ ਲਾਈਨ ’ਤੇ ਹੋਣ ਕਾਰਨ ਦਿਨ ’ਚ ਕਈ ਵਾਰ ਬੰਦ ਹੁੰਦੇ ਹਨ। ਕਈ ਸਮੇਂ ਅਜਿਹੇ ਹਨ, ਜਦੋਂ ਸਕੂਲਾਂ ਵਿਚ ਛੁੱਟੀ ਹੁੰਦੀ ਹੈ ਅਤੇ ਉਸ ਵੇਲੇ ਹਲਾਤ ਹੋਰ ਬਦਤਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਗਰਮੀਆਂ ਦੇ ਮੌਸਮ ਵਿਚ ਜਦੋਂ ਸਕੂਲੀ ਵਾਹਨ ਫਾਟਕਾਂ ’ਤੇ ਫਸਦੇ ਹਨ ਤਾਂ ਬੱਚੇ ਗਰਮੀ ਨਾ ਬੇਹੋਲ ਹੁੰਦੇ ਦਿਖਾਈ ਦਿੰਦੇ ਹਨ। ਬਾਕਸ- ਜੰਡਿਆਲਾ ਰੋਡ ਦੇ ਮਸਲੇ ਦਾ ਹੱਲ ਕੱਢਣ ਦੇ ਯਤਨ ਹੋਣਗੇ : ਸੰਧੂ ਤਰਨਤਾਰਨ ਵਿਚ ਹਾਲ ਹੀ ’ਚ ਹੋਈ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ ਹਰਮੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਰੇਲਵੇ ਫਾਟਕ ਦੀ ਸਮੱਸਿਆ ਤੋਂ ਮੁੱਖ ਮੰਤਰੀ ਨੂੰ ਪ੍ਰਚਾਰ ਦੌਰਾਨ ਜਾਣੂ ਕਰਵਾ ਦਿੱਤਾ ਗਿਆ ਸੀ। ਹੁਣ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਚੱਲ ਰਹੇ ਹਨ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਸਰਕਾਰ ਦੇ ਇਹ ਮਹੱਤਵਪੂਰਨ ਸਮਾਗਮ ਸੰਪੂਰਨ ਹੁੰਦਿਆਂ ਹੀ ਇਸ ਮਸਲੇ ਦੇ ਹੱਲ ਲਈ ਯਤਨ ਸ਼ੁਰੂ ਕਰ ਦਿੱਤੇ ਜਾਣਗੇ।